ਨਵੀਂ ਦਿੱਲੀ, 23 ਜੂਨ
ਸੱਤ ਸਾਲ ਪਹਿਲਾਂ ਸੱਟੇਬਾਜ਼ੀ ਦੇ ਦੋਸ਼ਾਂ ਕਰਕੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਸਮੇਤ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੇ ਸਰਗਰਮੀਆਂ ਤੋਂ ਲਾਂਭੇ ਕੀਤੇ ਤੇਜ਼ ਗੇਂਦਬਾਜ਼ ਸ੍ਰੀਸਾਂਤ ਨੇ ਕੇਰਲਾ ਦੀ ਟੀਮ ਵੱਲੋਂ ਰਣਜੀ ਟਰਾਫ਼ੀ ਮੈਚ ਖੇਡਣ ਲਈ ਪੂਰੀ ਤਿਆਰੀ ਕੱਸ ਲਈ ਹੈ। ਰਣਜੀ ਮੈਚ ਖੇਡਣਾ ਉਸ ਦੇ ਟੀਚਿਆਂ ਵਿੱਚ ਸ਼ੁਮਾਰ ਹੈ। ਅੱਜਕੱਲ੍ਹ ਉਹ ਐੱਨਬੀਏ ਦੇ ਸਰੀਰਕ ਤੇ ਮਨੋਵਿਗਿਆਨ ਸਿਖਲਾਈ ਦੇਣ ਵਾਲੇ ਕੋਚ ਟਿਮ ਗਰੋਵਰ ਤੋਂ ਟਰੇਨਿੰਗ ਲੈ ਰਿਹਾ ਹੈ। ਗਰੋਵਰ ਇਸ ਤੋਂ ਪਹਿਲਾਂ ਮਾਈਕਲ ਜੌਰਡਨ ਤੇ ਕੋਬੇ ਬ੍ਰਾਇੰਟ ਜਿਹੇ ਉੱਘੇ ਖਿਡਾਰੀਆਂ ਨਾਲ ਕੰਮ ਕਰ ਚੁੱਕਾ ਹੈ। ਇਸ ਖ਼ਬਰ ਏਜੰਸੀ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਵਿੱਚ ਸ੍ਰੀਸਾਂਤ ਨੇ ਕਿਹਾ, ‘ਜੇਕਰ ਮੈਂ ਵਧੀਆ ਖੇਡਦਾ ਰਿਹਾ ਤਾਂ ਯਕੀਨੀ ਤੌਰ ’ਤੇ ਆਈਪੀਐੱਲ-2021 ਲਈ ਖਿਡਾਰੀਆਂ ਦੀ ਆਕਸ਼ਨ (ਨਿਲਾਮੀ) ਮੌਕੇ ਮੇਰਾ ਨਾਮ ਵੀ ਸ਼ਾਮਲ ਹੋਵੇਗਾ। ਕੁਝ ਟੀਮਾਂ ਹਨ, ਜਿਨ੍ਹਾਂ ਵਿੱਚ ਮੇਰੀ ਦਿਲਚਸਪੀ ਹੈ। ਮੈਂ ਖ਼ੁਦ ਨੂੰ ਅਾਖਦਾ ਆਇਆ ਹਾਂ ਕਿ ਮੈਂ ਮੁੜ ਆਈਪੀਐੱਲ ਖੇਡਾਂਗਾ। ਇਹ ਉਹੀ ਥਾਂ ਹੈ, ਜਿੱਥੋਂ ਮੈਨੂੰ ਬਾਹਰ ਕੱਢਿਆ ਗਿਆ ਸੀ। ਮੈਂ ਯਕੀਨੀ ਬਣਾਵਾਂਗਾ ਕਿ ਮੈਂ ਇਸ ਮੰਚ ’ਤੇ ਵਾਪਸੀ ਕਰਾਂ।’