ਰਾਮੇਸ਼ਵਰਮ (ਤਾਮਿਲ ਨਾਡੂ), 20 ਦਸੰਬਰ
ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਫੜੇ ਗਏ 55 ਮਛੇਰਿਆਂ ਦੇ ਰਿਹਾਈ ਲਈ ਸੋਮਵਾਰ ਨੂੰ ਇੱਥੇ ਵੱਖ-ਵੱਖ ਮਛੇਰਾ ਐਸੋਸੀੲੇਸ਼ਨਾਂ ਦੀ ਆਗੂਆਂ ਦੇ ਅਗਵਾਈ ਹੇਠ 200 ਤੋਂ ਵੱਧ ਮਛੇਰਿਆਂ ਨੇ ਰੋਸ ਮੁਜ਼ਾਹਰਾ ਕੀਤਾ ਹੈ। ਥੰਗਾਚੀਮਾਦਮ ’ਚ ਭੁੱਖ ਹੜਤਾਲ ਦੌਰਾਨ ਮਛੇਰਿਆਂ ਨੇ ਸ੍ਰੀਲੰਕਾ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਫੜੇ ਗਏ ਮਛੇਰਿਆਂ ਨੂੰ ਜ਼ਬਤ ਕੀਤੀਆਂ ਕਿਸ਼ਤੀਆਂ ਸਣੇ ਤੁਰੰਤ ਰਿਹਾਅ ਕੀਤਾ ਜਾਵੇ। ਮਛੇਰਾ ਐਸੋਸੀਏਸ਼ਨ ਦੇ ਨੇਤਾ ਪੀ. ਸੇਸੂ ਰਾਜਾ ਨੇ ਕਿਹਾ ਕਿ ਜੇਕਰ ਸ੍ਰੀਲੰਕਾ ਸਰਕਾਰ ਨੇ ਮਛੇਰਿਆਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਪਹਿਲੀ ਜਨਵਰੀ ਨੂੰ ‘ਰੇਲ ਰੋਕੋ’ ਅੰਦੋਲਨ ਕਰਨਗੇ। ਜ਼ਿਕਰਯੋਗ ਹੈ ਸ੍ਰੀਲੰਕਾ ਦੇ ਜਾਫਨਾ ਦੀ ਇੱਕ ਅਦਾਲਤ ਵੱਲੋਂ ਤਾਮਿਲ ਨਾਡੂ ਨਾ ਸਬੰਧਿਤ 55 ਮਛੇਰਿਆਂ ਨੂੰ 31 ਦਸੰਬਰ ਤੱਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਇਨ੍ਹਾਂ ਮਛੇਰਿਆਂ ਨੂੰ 19 ਦਸੰਬਰ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।