ਕੋਲੰਬੋ, 13 ਅਗਸਤ

ਸ੍ਰੀਲੰਕਾ ਸਰਕਾਰ ਨੇ ਚੀਨ ਦੇ ਉੱਚ ਤਕਨੀਕ ਨਾਲ ਲੈਸ ਖੋਜੀ ਸਮੁੰਦਰੀ ਜਹਾਜ਼ ਨੂੰ ਹੰਬਨਟੋਟਾ ਦੀ ਦੱਖਣੀ ਬੰਦਰਗਾਹ ਅੰਦਰ 16 ਅਗਸਤ ਨੂੰ ਦਾਖ਼ਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਿਤ ਸੂਤਰਾਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ। ਚੀਨ ਦੇ ਬੈਲਿਸਟਿਕ ਮਿਜ਼ਾਈਲ ਤੇ ਸੈਟੇਲਾਈਟ ਟਰੈਕਿੰਗ ਨਾਲ ਲੈਸ ਸਮੁੰਦਰੀ ਬੇੜੇ ‘ਯੁਆਨ ਵੈਂਗ 5’ ਨੇ ਪਹਿਲਾਂ 11 ਅਗਸਤ ਤੱਕ ਪੁੱਜਣਾ ਸੀ ਅਤੇ ਇਸ ਬੰਦਰਗਾਹ ’ਤੇ 17 ਅਗਸਤ ਤੱਕ ਰੁਕਣਾ ਸੀ। ਹਾਲਾਂਕਿ, ਭਾਰਤ ਵੱਲੋਂ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਮੁੱਦਾ ਚੁੱਕੇ ਜਾਣ ਤੋਂ ਬਾਅਦ ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ ਕੋਲੰਬੋ ਸਥਿਤ ਚੀਨੀ ਸਫ਼ਾਰਤਖ਼ਾਨੇ ਨੂੰ ਸਮੁੰਦਰੀ ਜਹਾਜ਼ ਦੀ ਯਾਤਰਾ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਇਸ ਤਰ੍ਹਾਂ ਸਮੁੰਦਰੀ ਬੇੜਾ ਤੈਅ ਪ੍ਰੋਗਰਾਮ ਮੁਤਾਬਕ ਵੀਰਵਾਰ ਨੂੰ ਹੰਬਨਟੋਟਾ ਬੰਦਰਗਾਹ ’ਤੇ ਨਹੀਂ ਪਹੁੰਚ ਸਕਿਆ। ਸੂਤਰਾਂ ਮੁਤਾਬਕ, ਸਰਕਾਰ ਨੇ ਅਖ਼ੀਰ ਬੇੜੇ ਨੂੰ ਬੰਦਗਰਾਹ ’ਤੇ ਪਹੁੰਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ 16 ਅਗਸਤ ਤੱਕ ਬੰਦਰਗਾਹ ’ਤੇ ਪਹੁੰਚੇਗਾ ਅਤੇ ਇਹ ਇੱਥੇ 22 ਅਗਸਤ ਤੱਕ ਰਹੇਗਾ।