ਗਾਲੇ, ਭਾਰਤ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਯੋਗਦਾਨ ਦੀ ਮਦਦ ਨਾਲ ਵੱਡਾ ਸਕੋਰ ਖੜ੍ਹਾ ਕਰਨ ਮਗਰੋਂ ਅੱਜ ਇੱਥੇ ਮੁਹੰਮਦ ਸ਼ਮੀ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ੍ਰੀਲੰਕਾ ’ਤੇ ਪਹਿਲੇ ਟੈਸਟ ਕ੍ਰਿਕਟ ਮੈਚ ’ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ।
ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 600 ਦੌੜਾਂ ਬਣਾਈਆਂ ਜੋ ਸ੍ਰੀਲੰਕਾ ਦੀ ਧਰਤੀ ’ਤੇ ਉਸ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਸ੍ਰੀਲੰਕਾ ਨੇ ਇਸ ਦੇ ਜਵਾਬ ’ਚ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਪੰਜ ਵਿਕਟਾਂ ’ਤੇ 154 ਦੌੜਾਂ ਬਣਾਈਆਂ ਹਨ ਅਤੇ ਉਹ ਅਜੇ ਭਾਰਤ ਤੋਂ 446 ਦੌੜਾਂ ਪਿੱਛੇ ਹੈ ਤੇ ਉਸ ਨੂੰ ਫਾਲੋਆਨ ਤੋਂ ਬਚਣ ਲਈ ਅਜੇ 247 ਦੌੜਾਂ ਦੀ ਜ਼ਰੂਰਤ ਹੈ। ਸ੍ਰੀਲੰਕਾ ਦਾ ਦਾਰੋਮਦਾਰ ਹੁਣ ਸਾਬਕਾ ਕਪਤਾਨ ਐਜਲੋ ਮੈਥਿਊਜ਼ ’ਤੇ ਟਿਕਿਆ ਹੈ ਜੋ 54 ਦੌੜਾਂ ਬਣਾ ਕੇ ਖੇਡ ਰਿਹਾ ਹੇ। ਸਲਾਮੀ ਬੱਲੇਬਾਜ਼ ਉਪੁਲ ਥਰੰਗਾ ਨੇ 64 ਦੌੜਾਂ ਬਣਾਈਆਂ। ਸ਼ਮੀ (30 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੂਜੇ ਸਪੈਲ ਦੇ ਪਹਿਲੇ ਓਵਰ ’ਚ ਦੋ ਵਿਕਟਾਂ ਹਾਸਲ ਕੀਤੀਆਂ। ਉਸ ਤੋਂ ਇਲਾਵਾ ਉਮੇਸ਼ ਯਾਦਵ (50 ਦੌੜਾਂ ਦੇ ਕੇ ਇੱਕ ਵਿਕਟ) ਅਤੇ ਰਵੀ ਚੰਦਰਨ ਅਸ਼ਵਿਨ (49 ਦੌੜਾਂ ਦੇ ਕੇ ਇੱਕ ਵਿਕਟ) ਨੇ ਵੀ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਭਾਰਤ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੀਆਂ ਕੋਸ਼ਿਸ਼ਾਂ ਨਾਲ ਭਾਰਤ 600 ਦੌੜਾਂ ਤੱਕ ਪਹੁੰਚਣ ’ਚ ਸਫ਼ਲ ਰਿਹਾ। ਪਹਿਲੇ ਦਿਨ ਜੇਕਰ ਸ਼ਿਖਰ ਧਵਨ (190) ਅਤੇ ਚੇਤੇਸ਼ਵਰ ਪੁਜਾਰਾ (153) ਖਿੱਚ ਦਾ ਕੇਂਦਰ ਰਹੇ ਤਾਂ ਦੂਜੇ ਦਿਨ ਅਜਿੰਕਿਆ ਰਹਾਣੇ (57) ਅਤੇ ਹਾਰਦਿਕ ਪਾਂਡਿਆ (50) ਨੇ ਅਰਧ ਸੈਂਕੜੇ ਜੜੇ। ਅਸ਼ਵਿਨ (47) ਅਤੇ ਸ਼ਮੀ (30) ਨੇ ਅਹਿਮ ਪਾਰੀ ਖੇਡੀ।
ਸ੍ਰੀਲੰਕਾ ਵੱਲੋਂ ਤੇਜ਼ ਗੇਂਦਬਾਜ਼ ਨੁਵਾਨ ਪ੍ਰਦੀਪ ਨੇ 132 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ। ਅਸੇਲਾ ਗੁਣਰਤਨੇ ਦੇ ਬਾਹਰ ਹੋਣ ਤੋਂ ਪਹਿਲਾਂ ਦਸ ਬੱਲੇਬਾਜ਼ਾਂ ਨਾਲ ਖੇਡ ਰਹੀ ਸ੍ਰੀਲੰਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਮੇਸ਼ ਨੇ ਸਲਾਮੀ ਬੱਲੇਬਾਜ਼ ਦਿਮੁੱਥ ਕਰੁਣਾਰਤਨੇ (2) ਨੂੰ ਐਲਬੀਡਬਲਿਊ ਆਊਟ ਕਰਕੇ ਉਸ ਨੂੰ ਸ਼ੁਰੂ ’ਚ ਹੀ ਝਟਕਾ ਦਿੱਤਾ। ਥਰੰਗਾ ਨੇ ਦੂਜੇ ਪਾਸੇ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ, ਪਰ ਸ਼ਮੀ ਨੇ ਆਪਣੇ ਦੂਜੇ ਸਪੈਲ ਦੇ ਪਹਿਲੇ ਹੀ ਓਵਰ ’ਚ ਦੋ ਵਿਕਟਾਂ (ਧਨੁਸ਼ਕਾ ਗੁਣਤਿਲਕਾ ਤੇ ਕੁਸ਼ਾਲ ਮੈਂਡਿਸ) ਹਾਸਲ ਕਰਕੇ ਸ੍ਰੀਲੰਕਾ ਨੂੰ ਕਰਾਰੇ ਝਟਕੇ ਦਿੱਤੇ। ਥਰੰਗਾ ਤੇ ਮੈਥਿਊਜ਼ ਨੇ ਚੌਥੀ ਵਿਕਟ ਲਈ 57 ਦੌੜਾਂ ਦੀ ਭਾਈਵਾਲੀ ਕੀਤੀ, ਪਰ ਬਾਅਦ ਵਿੱਚ ਥਰੰਗਾ ਰਨ ਆਊਟ ਹੋ ਗਿਆ। ਇਸ ਮਗਰੋਂ ਨਿਰੋਸ਼ਨ ਡਿਕਵੇਲਾ ਅਸ਼ਵਿਨ ਦੇ ਗੇਂਦ ’ਤੇ ਕੈਚ ਆਊਟ ਹੋ ਗਿਆ। ਸਟੰਪ ਪੁੱਟੇ ਜਾਣ ਤੱਕ ਮੈਥਿਊਜ਼ ਨਾਲ ਦਿਲਰੂਵਾਨ ਪਰੇਰੇ ਛੇ ਦੌੜਾਂ ’ਤੇ ਖੇਡ ਰਿਹਾ ਸੀ।