ਕੋਲੰਬੋ, 13 ਮਈ
ਮੁਲਕ ਨੂੰ ਦਰਪੇਸ਼ ਹੁਣ ਤੱਕ ਦੇ ਸਭ ਤੋਂ ਵੱਡੇ ਤੇ ਗੰਭੀਰ ਆਰਥਿਕ ਸੰਕਟ ਦਰਮਿਆਨ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅੱਜ ਸ੍ਰੀਲੰਕਾ ਦੇ 26ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਭਾਰਤ ਨੇ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਸ੍ਰੀਲੰਕਾ ਦੇ ਲੋਕਾਂ ਬਾਰੇ ਆਪਣੇ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਤੇ ਨਵੀਂ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਸ੍ਰੀ ਲੰਕਾ ਦੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ, ਉਸ ਦੇ ਪੁੱਤਰ ਨਮਲ ਰਾਜਪਕਸੇ ਤੇ 16 ਹੋਰਾਂ ਜਣਿਆਂ ਦੇ ਦੇਸ਼ ਛੱਡਣ ’ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਹ ਰੋਕ ਪਿਛਲੇ ਹਫ਼ਤੇ ਕੋਲੰਬੋ ’ਚ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ’ਤੇ ਹੋਏ ਹਮਲੇ ਦੀ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਲਾਈ ਹੈ।
ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਦਿਵਾਇਆ। ਯੂਨਾਈਟਿਡ ਨੈਸ਼ਨਲ ਪਾਰਟੀ ਦੇ 73 ਸਾਲਾ ਆਗੂ ਵਿਕਰਮਸਿੰਘੇ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਅਜਿਹੇ ਮੌਕੇ ਸੰਭਾਲਿਆ ਹੈ ਜਦੋਂ ਮੁਲਕ ਲੰਘੇ ਸੋਮਵਾਰ ਤੋਂ ਬਿਨਾਂ ਸਰਕਾਰ ਤੋਂ ਚੱਲ ਰਿਹਾ ਸੀ। ਰਾਸ਼ਟਰਪਤੀ ਦੇ ਵੱਡੇ ਭਰਾ ਮਹਿੰਦਾ ਰਾਜਪਕਸੇ ਨੇ ਆਪਣੇ ਹਮਾਇਤੀਆਂ ਵੱਲੋਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਕੀਤੇ ਹਮਲੇ ਮਗਰੋਂ ਭੜਕੀ ਹਿੰਸਾ ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਸੀ। ਹਿੰਸਾ ਵਿੱਚ ਨੌਂ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਸਹੁੰ ਚੁੱਕ ਸਮਾਗਮ ਮਗਰੋਂ ਰਾਸ਼ਟਰਪਤੀ ਗੋਟਾਬਾਯਾ ਨੇ ਵਿਕਰਮਸਿੰਘੇ ਨਾਲ ਆਪਣੀ ਇਕ ਤਸਵੀਰ ਵੀ ਟਵਿੱਟਰ ’ਤੇ ਸਾਂਝੀ ਕੀਤੀ। ਇਸ ਦੌਰਾਨ ਮਹਿੰਦਾ ਰਾਜਪਕਸੇ ਨੇ ਵੀ ਵਿਕਰਮਸਿੰਘੇ ਨੂੰ ਵਧਾਈ ਦਿੱਤੀ।
ਸੂਤਰਾਂ ਮੁਤਾਬਕ ਸੱਤਾਧਾਰੀ ਸ੍ਰੀ ਲੰਕਾ ਪੋਡੂਜਨਾ ਪੇਰਾਮੁਨਾ (ਐੱਸਐੱਲਪੀਪੀ), ਮੁੱਖ ਵਿਰੋਧੀ ਧਿਰ ਐੱਸਜੇਬੀ ਦੇ ਇਕ ਵਰਗ ਤੇ ਕੁਝ ਹੋਰਨਾਂ ਪਾਰਟੀਆਂ ਨੇ ਵਿਕਰਮਸਿੰਘੇ ਨੂੰ ਸੰਸਦ ਵਿੱਚ ਬਹੁਮੱਤ ਸਾਬਤ ਕਰਨ ਲਈ ਹਮਾਇਤ ਦੇਣ ਦਾ ਐਲਾਨ ਕੀਤਾ ਹੈ।