ਲਾਹੌਰ, ਭਾਨੂਕਾ ਰਾਜਪਕਸੇ ਦੇ ਅਰਧ ਸੈਂਕੜੇ ਦੀ ਬਦੌਲਤ ਤੇ ਨੁਵਾਨ ਪ੍ਰਦੀਪ ਦੀ ਹਮਲਾਵਰ ਗੇਂਦਬਾਜ਼ੀ ਦੇ ਦਮ ’ਤੇ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਦੂਜੇ ਟੀ20 ਕੌਮਾਂਤਰੀ ਕ੍ਰਿਕਟ ਮੁਕਾਬਲੇ ਵਿਚ 47 ਦੌੜਾਂ ਨਾਲ ਮਾਤ ਦੇ ਦਿੱਤੀ। ਤਿੰਨ ਮੈਚਾਂ ਦੀ ਲੜੀ ਵਿਚ ਸ੍ਰੀਲੰਕਾ ਨੇ 2-0 ਨਾਲ ਅਜਿੱਤ ਚੜ੍ਹਤ ਕਾਇਮ ਕਰ ਲਈ ਹੈ। ਸੋਮਵਾਰ ਰਾਤ ਖੇਡੇ ਗਏ ਮੈਚ ਵਿਚ ਪਾਕਿਸਤਾਨ ਅੱਗੇ 183 ਦੌੜਾਂ ਦਾ ਟੀਚਾ ਸੀ ਪਰ ਉਸ ਦੀ ਪੂਰੀ ਟੀਮ 19 ਓਵਰਾਂ ਵਿਚ 147 ਦੌੜਾਂ ’ਤੇ ਹੀ ਸਿਮਟ ਗਈ। ਪਾਕਿਸਤਾਨ ਦੇ ਕੇਵਲ ਚਾਰ ਬੱਲੇਬਾਜ਼ ਦੋਹਰੇ ਅੰਕਾਂ ਵਾਲੇ ਸਕੋਰ ਤੱਕ ਪਹੁੰਚ ਸਕੇ। ਇਨ੍ਹਾਂ ਵਿਚ ਇਮਾਦ ਵਸੀਮ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਤੇਜ਼ ਗੇਂਦਬਾਜ਼ ਪ੍ਰਦੀਪ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 25 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਲੈੱਗ ਸਪਿੰਨਰ ਵਾਨਿੰਦੂ ਹਸਰੰਗਾ ਨੇ 38 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਹ ਉਸ ਦੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਇਸੁਰੂ ਉਦਾਨਾ ਨੇ 38 ਦੌੜਾਂ ਦੇ ਕੇ ਦੋ ਵਿਕਟ ਹਾਸਲ ਕੀਤੇ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਛੇ ਵਿਕਟਾਂ ’ਤੇ 182 ਦੌੜਾਂ ਬਣਾਈਆਂ। ਸ੍ਰੀਲੰਕਾ ਦੀ ਪਾਰੀ ਦਾ ਅਹਿਮ ਪੱਖ ਰਾਜਪਕਸੇ ਦੀਆਂ 48 ਗੇਂਦਾਂ ’ਤੇ 77 ਦੌੜਾਂ ਸਨ। ਉਸ ਨੇ ਚਾਰ ਚੌਕੇ ਤੇ ਛੇ ਛੱਕੇ ਜੜੇ। ਸ਼ੇਹਾਨ ਜੈਸੂਰੀਆ ਨੇ 34 ਤੇ ਕਪਤਾਨ ਦਾਸੁਨ ਸ਼ਨਾਕਾ ਨੇ ਨਾਬਾਦ 27 ਦੌੜਾਂ ਬਣਾਈਆਂ। ਸ੍ਰੀਲੰਕਾ ਨੇ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ 0-2 ਨਾਲ ਗੁਆਉਣ ਤੋਂ ਬਾਅਦ ਟੀ20 ਲੜੀ ਵਿਚ ਚੰਗੀ ਵਾਪਸੀ ਕੀਤੀ ਹੈ। ਤੀਜਾ ਮੈਚ ਲਾਹੌਰ ਵਿਚ ਹੀ ਭਲਕੇ ਹੋਵੇਗਾ।