ਲੰਡਨ, 4 ਮਾਰਚ
ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਕਿਹਾ ਕਿ ਉਸ ਦੇ ਖਿਡਾਰੀ ਕਰੋਨਾਵਾਇਰਸ ਦੇ ਖ਼ਤਰੇ ਕਾਰਨ ਸ੍ਰੀਲੰਕਾ ਦੌਰੇ ’ਤੇ ਹੱਥ ਨਹੀਂ ਮਿਲਾਉਣਗੇ। ਇੰਗਲੈਂਡ ਦੀ ਟੀਮ ਦੋ ਟੈਸਟ ਮੈਚਾਂ ਦੀ ਲੜੀ ਲਈ ਸ੍ਰੀਲੰਕਾ ਦੌਰੇ ’ਤੇ ਜਾ ਰਹੀ ਹੈ।
ਰੂਟ ਤੋਂ ਕਰੋਨਾਵਾਇਰਸ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਸੀ। ਰੂਟ ਨੇ ਕਿਹਾ ਕਿ ਹੱਥ ਮਿਲਾਉਣ ਦੀ ਥਾਂ ਖਿਡਾਰੀ ਇੱਕ-ਦੂਜੇ ਦਾ ਸਵਾਗਤ ਮੁੱਠੀਆਂ ਟਕਰਾ ਕੇ ਕਰਨਗੇ। ਹਾਲ ਹੀ ਵਿੱਚ ਦੱਖਣੀ ਅਫਰੀਕਾ ਦੌਰੇ ’ਤੇ ਇੰਗਲੈਂਡ ਟੀਮ ਦੇ ਕਈ ਖਿਡਾਰੀਆਂ ਨੂੰ ਪੇਟ ਦੀ ਤਕਲੀਫ਼ ਅਤੇ ਫਲੂ ਦੀ ਸਮੱਸਿਆ ਨਾਲ ਜੂਝਣਾ ਪਿਆ ਸੀ।
ਰੂਟ ਨੇ ਕਿਹਾ, ‘‘ਦੱਖਣੀ ਅਫਰੀਕਾ ਵਿੱਚ ਬਿਮਾਰੀ ਕਾਰਨ ਇੰਗਲੈਂਡ ਦੇ ਖਿਡਾਰੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਹੁਣ ਅਸੀਂ ਘੱਟ ਤੋਂ ਘੱਟ ਸੰਪਰਕ ਕਰਨ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਸਾਡੀ ਮੈਡੀਕਲ ਟੀਮ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਜਿਹੀ ਹੀ ਸਲਾਹ ਦਿੱਤੀ ਹੈ।’’ ਉਸ ਨੇ ਕਿਹਾ, ‘‘ਅਸੀਂ ਇੱਕ-ਦੂਜੇ ਨਾਲ ਹੱਥ ਨਹੀਂ ਮਿਲਾਵਾਂਗੇ। ਇਸ ਦੀ ਥਾਂ ਮੁੱਠੀਆਂ ਟਕਰਾਵਾਂਗੇ।’’