ਕੋਲੰਬੋ, ਟੀ-20 ਕਪਤਾਨ ਲਸਿਥ ਮਲਿੰਗਾ ਅਤੇ ਸਾਬਕਾ ਕਪਤਾਨਾਂ ਐਂਜਲੋ ਮੈਥਿਊ ਅਤੇ ਤਿਸ਼ਾਰਾ ਪਰੇਰਾ ਸਣੇ ਸ੍ਰੀਲੰਕਾ ਦੇ ਦਸ ਖਿਡਾਰੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦੌਰੇ ਤੋਂ ਹਟਣ ਦਾ ਫ਼ੈਸਲਾ ਲਿਆ ਹੈ। ਸ੍ਰੀਲੰਕਾ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮਾਰਚ 2009 ਵਿੱਚ ਲਾਹੌਰ ਵਿੱਚ ਟੈਸਟ ਮੈਚ ਦੌਰਾਨ ਸ੍ਰੀਲੰਕਾ ਟੀਮ ਦੀ ਬੱਸ ’ਤੇ ਅਤਿਵਾਦੀਆਂ ਦੇ ਹਮਲੇ ਮਗਰੋਂ ਜ਼ਿਆਦਾਤਰ ਕੌਮਾਂਤਰੀ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀਲੰਕਾ ਕ੍ਰਿਕਟ ਬੋਰਡ ਨੇ ਦੱਸਿਆ ਕਿ ਸ਼ੁਰੂਆਤੀ ਟੀਮ ਵਿੱਚ ਸ਼ਾਮਲ ਖਿਡਾਰੀਆਂ ਨੂੰ ਕਰਾਚੀ ਵਿੱਚ 27 ਸਤੰਬਰ ਤੋਂ ਸ਼ੁਰੂ ਹੋ ਰਹੀ ਛੇ ਮੈਚਾਂ ਦੀ ਸੀਮਤ ਓਵਰਾਂ ਦੀ ਲੜੀ ਲਈ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਫ਼ੈਸਲਾ ਖ਼ੁਦ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਕਿ ਉਹ ਦੌਰੇ ’ਤੇ ਜਾਣਾ ਚਾਹੁੰਦੇ ਹਨ ਜਾਂ ਨਹੀਂ। ਇਸ ਜਾਣਕਾਰੀ ਮਗਰੋਂ ਦਸ ਖਿਡਾਰੀਆਂ ਨੇ ਤਿੰਨ ਇੱਕ ਰੋਜ਼ਾ ਕੌਮਾਂਤਰੀ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਨਿਰੋਸ਼ਨ ਡਿਕਵੇਲਾ, ਕੁਸਾਲ ਪਰੇਰਾ, ਧਨੰਜਯ ਡੀਸਿਲਵਾ, ਅਕੀਲਾ ਧਨੰਜਯ, ਸੁਰੰਗਾ ਲਕਮਲ, ਦਿਨੇਸ਼ ਚਾਂਦੀਮਲ ਅਤੇ ਦਿਮੁਥ ਕਰੁਣਾਰਤਨੇ ਨੇ ਵੀ ਦੌਰੇ ’ਤੇ ਨਾ ਜਾਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰੇ ਨੂੰ ਪਾਕਿਸਤਾਨ ਵਿੱਚ ਕੌਮਾਂਤਰੀ ਕ੍ਰਿਕਟ ਮੁੜ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਬੱਲੇਬਾਜ਼ ਦਨੁਸ਼ਕਾ ਗੁਣਾਤਿਲਕ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਸੁਰੱਖਿਆ ਮਜ਼ਬੂਤ ਹੋਵੇਗੀ।