ਕੋਲੰਬੋ, 21 ਅਕਤੂਬਰ

ਸ੍ਰੀਲੰਕਾ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਘਟਾਉਣ, ਭ੍ਰਿਸ਼ਟਾਚਾਰ ਵਿਰੋਧੀ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਅਤੇ ਦੇਸ਼ ਨੂੰ ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਕੱਢਣ ਦਾ ਰਾਹ ਲੱਭਣ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਇੱਕ ਸੰਵਿਧਾਨਕ ਸੋਧ ਪਾਸ ਕੀਤੀ ਹੈ। ਸ੍ਰੀਲੰਕਾ ਨੇ ਦਰਾਮਦ ਜ਼ਰੂਰੀ ਵਸਤਾਂ ਜਿਵੇਂ ਪੈਟਰੋਲੀਅਮ, ਖ਼ੁਰਾਕ, ਰਸੋਈ ਗੈਸ ਅਤੇ ਦਵਾਈਆਂ ਦੇ ਭੁਗਤਾਨ ਲਈ ਆਰਥਿਕ ਮਦਦ ਪ੍ਰਾਪਤ ਕਰਨ ਲਈ ਮਹੀਨਿਆਂਬੱਧੀ ਜੱਦੋ-ਜਹਿਦ ਕੀਤੀ ਹੈ। ਨਿਆਂ ਮੰਤਰੀ ਵਿਜੈਦਾਸਾ ਰਾਜਪਕਸੇ ਨੇ ਸੰਸਦ ਨੂੰ ਦੱਸਿਆ, ‘‘ਇਹ ਸੋਧ ਸ੍ਰੀਲੰਕਾ ਵਾਸੀਆਂ ਦੀ ਮੰਗ ਦੇ ਆਧਾਰ ’ਤੇ ਵਿਵਸਥਾ ਵਿੱਚ ਤਬਦੀਲੀ ਲਿਆਉਣ ਵਿੱਚ ਮਦਦ ਹੀ ਨਹੀਂ ਕਰੇਗੀ, ਸਗੋਂ ਦੇਸ਼ ਨੂੰ ਮੁੜ ਪੈਰਾਂ-ਸਿਰ ਕਰਨ ਲਈ ਆਈਐੱਮਐੱਫ ਪ੍ਰੋਗਰਾਮ ਅਤੇ ਹੋਰ ਕੌਮਾਂਤਰੀ ਸਹਾਇਤਾ ਦੀ ਸੁਰੱਖਿਆ ਕਰਨ ਵਿੱਚ ਵੀ ਮਦਦ ਕਰੇਗੀ।’’