ਲੀਡਜ਼, 21 ਜੂਨ
ਸ੍ਰੀਲੰਕਾ ਦੀ ਟੀਮ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿੱਚ ਸ਼ੁੱਕਰਵਾਰ ਨੂੰ ਇੱਥੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਨਾਲ ਭਿੜੇਗੀ, ਉਸ ਦੀ ਕੋਸ਼ਿਸ਼ ਟੂਰਨਾਮੈਂਟ ਵਿੱਚ ਆਪਣੀ ਹੋਂਦ ਨੂੰ ਬਣਾਈ ਰੱਖਣ ਦੀ ਹੋਵੇਗੀ। ਪਿਛਲੇ ਮੈਚ ਵਿੱਚ ਉਹ ਆਸਟਰੇਲੀਆ ਤੋਂ 87 ਦੌੜਾਂ ਨਾਲ ਹਾਰ ਗਈ ਸੀ। ਟੂਰਨਾਮੈਂਟ ਵਿੱਚ ਪੰਜ ਮੈਚਾਂ ਵਿੱਚ ਚਾਰ ਅੰਕ ਨਾਲ ਸ੍ਰੀਲੰਕਾ ਦੀ ਟੀਮ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ ਅਤੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕਰਨ ਲਈ ਉਸ ਨੂੰ ਅਗਲੇ ਚਾਰ ਮੁਕਾਬਲੇ ਜਿੱਤਣੇ ਹੋਣਗੇ।
ਵਿਸ਼ਵ ਕੱਪ ਟਰਾਫ਼ੀ 1996 ਵਿੱਚ ਜਿੱਤਣ ਵਾਲੀ ਟੀਮ ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ ਹਾਰ ਗਈ, ਜਦਕਿ ਉਸ ਦੇ ਦੋ ਮੈਚ ਮੀਂਹ ਦੀ ਭੇਟ ਚੜ੍ਹ ਗਏ। ਇੰਗਲੈਂਡ ਦੀ ਟੀਮ ਪੂਰੀ ਲੈਅ ਵਿੱਚ ਹੈ। ਮੇਜ਼ਬਾਨ ਟੀਮ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਨਾਲ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ। ਪਾਕਿਸਤਾਨ ਖ਼ਿਲਾਫ਼ ਮਿਲੀ ਹਾਰ ਨੂੰ ਛੱਡ ਦੇਈਏ ਤਾਂ ਟੀਮ ਨੂੰ ਰੋਕਣਾ ਕਾਫ਼ੀ ਮੁਸ਼ਕਲ ਲੱਗ ਰਿਹਾ ਹੈ। ਇਓਨ ਮੌਰਗਨ ਦੀ ਅਗਵਾਈ ਵਾਲੀ ਟੀਮ ਟੂਰਨਾਮੈਂਟ ਦੀ ਸਰਵੋਤਮ ਬੱਲੇਬਾਜ਼ੀ ਇਕਾਈ ਵਜੋਂ ਉਭਰੀ ਹੈ।
ਉਸ ਨੇ ਪੰਜ ਮੈਚਾਂ ਵਿੱਚ ਚਾਰ ਵਾਰ 300 ਤੋਂ ਵੱਧ ਦਾ ਸਕੋਰ ਖੜ੍ਹਾ ਕੀਤਾ। ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਦਸ ਬੱਲੇਬਾਜ਼ਾਂ ਦੀ ਸੂਚੀ ਵਿੱਚ ਇੰਗਲੈਂਡ ਦੇ ਪੰਜ ਬੱਲੇਬਾਜ਼ ਹਨ। ਇਸ ਦੇ ਨਾਲ ਹੀ ਵਿਸ਼ਵ ਕੱਪ ਵਿੱਚ 12 ਵਾਰ ਬੱਲੇਬਾਜ਼ਾਂ ਨੇ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਹਨ, ਜਿਸ ਵਿੱਚ ਪੰਜ ਵਾਰ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਇਹ ਕਾਰਨਾਮਾ ਕੀਤਾ। ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਮੌਰਗਨ ਨੇ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਖੇਡਦਿਆਂ 71 ਗੇਂਦਾਂ ਵਿੱਚ ਰਿਕਾਰਡ 17 ਛੱਕਿਆਂ ਅਤੇ ਚਾਰ ਚੌਕਿਆਂ ਦੀ ਮਦਦ ਨਾਲ 148 ਦੌੜਾਂ ਬਣਾਈਆਂ। ਇੰਗਲੈਂਡ ਦੇ ਮਜ਼ਬੂਤ ਬੱਲੇਬਾਜ਼ਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ਾਂ ਦੀ ਜੋੜੀ ਲਸਿਥ ਮਲਿੰਗਾ ਅਤੇ ਨੁਆਨ ਪ੍ਰਦੀਪ ਦੀ ਹੋਵੇਗੀ। ਸ੍ਰੀਲੰਕਾ ਨੂੰ ਮੱਧ ਕ੍ਰਮ ਦੀ ਬੱਲੇਬਾਜ਼ੀ ਦੀ ਕਮਜੋਰੀ ਨੂੰ ਵੀ ਦੂਰ ਕਰਨਾ ਹੋਵੇਗਾ।