ਓਡੈਂਸੇ (ਡੈਨਮਾਰਕ), 18 ਅਕਤੂਬਰ
ਵਿਸ਼ਵ ਦਾ ਨੰਬਰ ਛੇ ਖਿਡਾਰੀ ਕਿਦੰਬੀ ਸ੍ਰੀਕਾਂਤ ਅਤੇ ਸਮੀਰ ਵਰਮਾ ਅੱਜ ਡੈਨਮਾਰਕ ਓਪਨ ਦੇ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਏ ਹਨ। ਹੁਣ ਸ੍ਰੀਕਾਂਤ ਦਾ ਸਾਹਮਣਾ ਲਿਨ ਡੈਨ ਨਾਲ ਹੋਵੇਗਾ। ਇਸੇ ਤਰ੍ਹਾਂ ਭਾਰਤੀ ਸਮੀਰ ਵਰਮਾ ਨੇ ਵੱਡਾ ਉਲਟਫੇਰ ਕਰਦਿਆਂ ਤੀਜਾ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂਕੀ ਨੂੰ ਹਰਾਇਆ। ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਜੋਨਾਥਨ ਨਾਲ ਹੋਵੇਗਾ।
ਸ੍ਰੀਕਾਂਤ ਨੇ ਪਹਿਲੇ ਗੇੜ ਵਿੱਚ ਕ੍ਰਿਸਟੀਅਨ ਸੋਲਬਰਗ ਵਿਟਿਨਗਜ਼ ਨੂੰ ਪੁਰਸ਼ ਸਿੰਗਲਜ਼ ਦੇ ਮੈਚ ਵਿੱਚ ਸਿਰਫ਼ 35 ਮਿੰਟ ਵਿੱਚ 21-16, 21-10 ਨਾਲ ਹਰਾਇਆ। ਲਿਨ ਡੈਨ ਖ਼ਿਲਾਫ਼ ਸ੍ਰੀਕਾਂਤ ਨੇ ਚਾਰ ਵਿੱਚੋਂ ਤਿੰਨ ਮੈਚ ਗੁਆਏ ਹਨ, ਪਰ ਇਹ ਚੀਨੀ ਖਿਡਾਰੀ ਹੁਣ ਪਹਿਲਾਂ ਦੀ ਤਰ੍ਹਾਂ ਮਜ਼ਬੂਤ ਨਹੀਂ ਰਿਹਾ।
ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਡੈਨ ਕੌਮਾਂਤਰੀ ਰੈਂਕਿੰਗਜ਼ ਵਿੱਚ 14ਵੇਂ ਨੰਬਰ ’ਤੇ ਹੈ। ਸ੍ਰੀਕਾਂਤ ਨੇ ਆਖ਼ਰੀ ਵਾਰ 2014 ਵਿੱਚ ਚਾਈਨਾ ਓਪਨ ਵਿੱਚ ਡੈਨ ਨੂੰ ਹਰਾਇਆ ਸੀ। ਸ੍ਰੀਕਾਂਤ ਜੇਕਰ ਡੈਨ ਨੂੰ ਹਰਾ ਦਿੰਦਾ ਹੈ ਅਤੇ ਸਮੀਰ ਵਰਮਾ ਏਸ਼ਿਆਈ ਸੋਨ ਤਗ਼ਮਾ ਜੇਤੂ ਜੋਨਾਥਨ ਕ੍ਰਿਸਟੀ ਨੂੰ ਹਰਾਉਣ ਵਿੱਚ ਸਫਲ ਰਹਿੰਦਾ ਹੈ ਤਾਂ ਫਿਰ ਦੋਵੇਂ ਭਾਰਤੀ ਕੁਆਰਟਰ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੇ। ਇਸ ਦੌਰਾਨ ਮਹਿਲਾ ਡਬਲਜ਼ ਵਿੱਚ ਅਸ਼ਵਿਨੀ ਪੋਨੱਪਾ ਅਤੇ ਐਨ ਸਿੱਕੀ ਰੈਡੀ ਦੀ ਜੋੜੀ ਨੇ ਅਮਰੀਕਾ ਦੀ ਏਰੀਅਲ ਲੀ ਅਤੇ ਸਿਡਨੀ ਲੀ ਨੂੰ ਆਸਾਨੀ ਨਾਲ 21-7, 21-11 ਨਾਲ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ। ਮੇਘਨਾ ਜੱਕਾਮਪੁਡੀ ਅਤੇ ਐਸ ਰਾਮ ਪੂਰਵਿਸ਼ਾ ਦੀ ਜੋੜੀ ਹਾਲਾਂਕਿ ਸਵੀਡਨ ਦੀ ਐਮਾ ਕਾਰਲਸਨ ਅਤੇ ਯੋਹਾਨਾ ਮੈਗਨਸਨ ਤੋਂ 17-21, 11-21 ਨਾਲ ਹਾਰ ਗਈ।
ਵਿਸ਼ਵ ਵਿੱਚ ਛੇਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਦਾ 14ਵੀਂ ਰੈਂਕਿੰਗ ਦੇ ਸੁਪਰ ਡੈਨ ਖ਼ਿਲਾਫ਼ ਜਿੱਤ-ਹਾਰ ਦਾ ਕਰੀਅਰ ਰਿਕਾਰਡ 1-3 ਹੋ ਗਿਆ ਹੈ। ਦੂਜੇ ਪਾਸੇ, ਭਾਰਤੀ ਸਮੀਰ ਵਰਮਾ ਨੇ ਇੱਕ ਵੱਡਾ ਉਲਟਫੇਰ ਕਰਦਿਆਂ ਤੀਜਾ ਦਰਜਾ ਪ੍ਰਾਪਤ ਚੀਨ ਦੇ ਸ਼ੀ ਯੂਕੀ ਨੂੰ 44 ਮਿੰਟ ਵਿੱਚ 21-17, 21-18 ਨਾਲ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ, ਜਿੱਥੇ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਜੋਨਾਥਨ ਨਾਲ ਹੋਵੇਗਾ। ਇਸ ਦੌਰਾਨ ਪੁਰਸ਼ ਡਬਲਜ਼ ਵਿੱਚ ਮਨੂ ਅੱਤਰੀ ਅਤੇ ਬੀ ਸੁਮਿਤ ਰੈਡੀ ਅਤੇ ਮਿਕਸਡ ਡਬਲਜ਼ ਵਿੱਚ ਅਸ਼ਵਿਨੀ ਪੋਨੱਪਾ ਅਤੇ ਸਾਤਵਿਕਸਾਈਰਾਜ ਰੰਕੀਰੈਡੀ ਨੂੰ ਪਹਿਲੇ ਹੀ ਗੇੜ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ।