ਚੰਡੀਗੜ੍ਹ,
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਕਾਂਗਰਸ ਸਰਕਾਰ ਦੇ ਨੌਂ ਮਹੀਨਿਆਂ ਦੇ ਕਾਰਜਕਾਲ ਬਾਰੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਦੇ ਉਸ ਬਿਆਨ ਦੀ ਨਿੰਦਾ ਕੀਤੀ, ਜਿਸ ਵਿੱਚ ਉਨ੍ਹਾਂ ਕਾਂਗਰਸ ਸਰਕਾਰ ਨੂੰ ਨੌਂ ਮਹੀਨਿਆਂ ਵਿੱਚ ਪੂਰੇ ਕੀਤੇ ਨੌਂ ਵਾਅਦੇ ਗਿਣਾਉਣ ਦੀ ਚੁਣੌਤੀ ਦਿੱਤੀ ਸੀ। ਕੈਪਟਨ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ ਨੌਂ ਨਹੀਂ ਬਲਕਿ 100 ਤੋਂ ਵੱਧ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ।
ਮੁੱਖ ਮੰਤਰੀ ਨੇ ਆਖਿਆ ਕਿ ਮਿਉਂਸਿਪਲ ਚੋਣਾਂ ਤੋਂ ਇੱਕ ਦਿਨ ਪਹਿਲਾਂ ਜਾਰੀ ਕੀਤੇ ਇਸ ਬਿਆਨ ਦਾ ਸਾਫ ਮਕਸਦ ਵੋਟਰਾਂ ਨੂੰ ਗੁੰਮਰਾਹ ਤੇ ਪ੍ਰਭਾਵਿਤ ਕਰਨਾ ਸੀ। ਕੈਪਟਨ ਨੇ ਆਖਿਆ ਕਿ ਭਾਜਪਾ ਪਿਛਲੇ 10 ਸਾਲਾਂ ਵਿੱਚ ਉਸ ਵੇਲੇ ਕੀ ਕਰ ਰਹੀ ਸੀ ਜਦੋਂ ਉਸਦਾ ਆਪਣਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਸੂਬੇ ਨੂੰ ਲੁੱਟਣ ਵਿੱਚ ਲੱਗਾ ਹੋਇਆ ਸੀ ਅਤੇ ਸੂਬੇ ਨੂੰ ਪੂਰੀ ਤਰ੍ਹਾਂ ਬਦਅਮਨੀ, ਬੇਰੁਜ਼ਗਾਰੀ, ਸਨਅਤੀ ਤੇ ਖੇਤੀਬਾੜੀ ਦੀ ਮਾੜੀ ਦੁਰਦਸ਼ਾ ਅਤੇ ਆਰਥਿਕ ਕੰਗਾਲੀ ਵੱਲ ਧੱਕ ਦਿੱਤਾ ਸੀ। ਮੁੱਖ ਮੰਤਰੀ ਨੇ ਆਖਿਆ ਕਿ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਕੋਈ ਨਾ ਕੋਈ ਢੰਗ-ਤਰੀਕਾ ਲੱਭਣ ਲਈ ਤਿਲਮਿਲਾ ਰਹੀ ਹੈ ਕਿਉਂਕਿ ਸੂਬੇ ਵਿੱਚ ਇਸ ਪਾਰਟੀ ਦਾ ਕੋਈ ਆਧਾਰ ਨਹੀਂ ਹੈ ਅਤੇ ਇਸ ਦਾ ਸਹਿਯੋਗੀ ਅਕਾਲੀ ਦਲ ਵੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸੁਆਦ ਦੇਖ ਚੁੱਕਾ ਹੈ।
ਕੈਪਟਨ ਨੇ ਆਖਿਆ ਕਿ ਜੇਕਰ ਸਾਂਪਲਾ ਇਹ ਆਸ ਰੱਖਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ 10 ਵਰ੍ਹਿਆਂ ਵਿੱਚ ਸੂਬੇ ਦੀ ਕੀਤੀ ਤਬਾਹੀ ਨੂੰ ਕਾਂਗਰਸ ਸਰਕਾਰ 10 ਮਹੀਨਿਆਂ  ਵਿੱਚ ਠੀਕ ਕਰ ਸਕਦੀ ਹੈ ਤੇ ਉਹ ਵੀ ਉਸ ਵੇਲੇ ਜਦੋਂ ਸੂਬਾ ਕਰਜ਼ੇ ਦੇ ਵੱਡੇ ਬੋਝ ਥੱਲੇ ਹੋਵੇ ਤਾਂ ਇਸ ਨਾਲ ਨਾ ਸਿਰਫ ਸਾਂਪਲਾ ਦੀ ਸਿਆਸੀ ਨਾਸਮਝੀ ਝਲਕਦੀ ਹੈ ਸਗੋਂ ਉਨ੍ਹਾਂ ਦੇ ਸ਼ਾਸਨ ਤੋਂ ਪੂਰੀ ਤਰ੍ਹਾਂ ਟੁੱਟੇ ਹੋਣ ਦਾ ਵੀ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਸਕੀਮ ਨੂੰ ਨੋਟੀਫਾਈ ਕੀਤਾ ਜਾ ਚੁੱਕਾ ਹੈ ਤੇ ਅਗਲੇ ਦੋ ਮਹੀਨਿਆਂ ਵਿੱਚ ਇਸਦਾ ਅਮਲ ਸ਼ੁਰੂ ਹੋ ਜਾਣਾ ਹੈ। ਇਸੇ ਤਰ੍ਹਾਂ ਉਦਯੋਗ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਨੂੰ ਮੰਤਰੀ ਮੰਡਲ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।