ਕੋਲਕਾਤਾ, 2 ਜਨਵਰੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਦਿਲ ਦਾ ਦੌਰਾ ਪੈਣ ਬਾਅਦ ਇਥੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 48 ਸਾਲ ਦੇ ਗਾਂਗੁਲੀ ਦੀ ਹਾਲਤ ਸਥਿਰ ਹੈ। ਉਸ ਦੀ ਛਾਤੀ ਵਿੱਚ ਦਰਦ ਉਦੋਂ ਸ਼ੁਰੂ ਹੋਇਆ ਜਦੋਂ ਉਹ ਬੀਤੇ ਦਿਨ ਕਸਰਤ ਕਰਨ ਬਾਅਦ ਘਰ ਵਿੱਚ ਉਸ ਨੂੰ ਬੇਚੈਨੀ ਤੇ ਛਾਤੀ ਵਿੱਚ ਦਰਦ ਸ਼ੁਰੂ ਹੋਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਦੁਪਹਿਰ ਡਾਕਟਰਾਂ ਵੱਲੋਂ ਗਾਂਗੁਲੀ ਦੀ ਐਂਜੀਓਪਲਾਸਟੀ ਕੀਤੀ ਗਈ ਅਤੇ ਉਹ ਹੁਣ ਠੀਕ ਹਨ। ਇਸੇ ਦੌਰਾਨ ਹਸਪਤਾਲ ’ਚ ਸੌਰਵ ਗਾਂਗੁਲੀ ਦਾ ਹਾਲਚਾਲ ਪੁੱਛਣ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਐਂਜੀਓਪਲਾਸਟੀ ਮਗਰੋਂ ਗਾਂਗੁਲੀ ਹੁਣ ਠੀਕ ਹਨ। ਮਮਤਾ ਨੇ ਕਿਹਾ, ‘ਉਹ ਹੁਣ ਠੀਕ ਹੈ। ਉਨ੍ਹਾਂ ਮੇਰੀ ਸਿਹਤ ਬਾਰੇ ਵੀ ਪੁੱਛਿਆ। ਮੈਂ ਹਸਪਤਾਲ ਦੇ ਡਾਕਟਰਾਂ ਦੀ ਸ਼ੁਕਰਗੁਜ਼ਾਰ ਹਾਂ।’ ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ, ਸੂਬੇ ਦੇ ਸ਼ਹਿਰੀ ਵਿਕਾਸ ਮੰਤਰੀ ਫਿਰਹਦ ਹਕੀਮ ਅਤੇ ਖੇਡ ਰਾਜ ਮੰਤਰੀ ਲਕਸ਼ਮੀ ਰਤਨ ਸ਼ੁਕਲਾ ਸਣੇ ਹੋਰ ਸ਼ਖਸੀਅਤਾਂ ਨੇ ਵੀ ਹਸਪਤਾਲ ਜਾ ਕੇ ਸੌਰਵ ਗਾਂਗੁਲੀ ਦਾ ਹਾਲਚਾਲ ਪੁੱਛਿਆ ਤੇ ਉਨ੍ਹਾਂ ਸਿਹਤਯਾਬੀ ਦੀ ਦੁਆ ਕੀਤੀ। ਦੂਜੇ ਪਾਸੇ ਕੇਂਦਰੀ ਅਮਿਤ ਸ਼ਾਹ ਨੇ ਡੋਨਾ ਗਾਂਗੁਲੀ ਨੂੰ ਫੋਨ ਕਰਕੇ ਉਸ ਦੇ ਪਤੀ ਸੌਰਵ ਗਾਂਗੁਲੀ ਦੇ ਸਿਹਤ ਬਾਰੇ ਖ਼ਬਰਸਾਰ ਲਈ।