ਲੁਧਿਆਣਾ- ਬੇਅਦਬੀ ਕਾਂਡ ਸਬੰਧੀ ਵਿਧਾਨ ਸਭਾ ਵਿੱਚ ਪੇਸ਼ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਬਾਦਲਾਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ‘ਆਪ’ ਦੇ ਵਰਕਰਾਂ ਵਿਚਾਲੇ ਮੁਹਿੰਮਾਂ ਚਲਾਉਣ ਦੀ ਜੰਗ ਤੇਜ਼ ਹੋ ਗਈ ਹੈ। ਕਾਂਗਰਸ ਤੇ ‘ਆਪ’ ਵਰਕਰਾਂ ਵੱਲੋਂ ਫੇਸਬੁੱਕ ’ਤੇ ‘ਸਿੱਖ ਹੋਣ ਦੇ ਨਾਤੇ ਬਾਦਲਾਂ ਦਾ ਬਾਈਕਾਟ’ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਵਰਕਰ ‘ਮੈਂ ਬਾਦਲ ਨਾਲ ਹਾਂ’ ਮੁਹਿੰਮ ਚਲਾ ਰਹੇ ਹਨ।
ਵਿਧਾਨ ਸਭਾ ਸੈਸ਼ਨ ਤੋਂ ਬਾਅਦ ਲਗਾਤਾਰ ‘ਆਪ’, ਲੋਕ ਇਨਸਾਫ਼ ਪਾਰਟੀ ਤੇ ਕਾਂਗਰਸ ਵਰਕਰ ਉਤਸ਼ਾਹ ਨਾਲ ਸੋਸ਼ਲ ਮੀਡੀਆ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰ ਰਹੇ ਹਨ। ਪੰਜਾਬ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਇਸ ਮੁੱਦੇ ’ਤੇ ਲਗਾਤਾਰ ਪੋਸਟਾਂ ਪਾ ਰਹੇ ਹਨ। ਸ਼ੁੱਕਰਵਾਰ ਸਵੇਰ ਤੋਂ ਕਾਂਗਰਸ ਤੇ ‘ਆਪ’ ਵਰਕਰ ਫੇਸਬੁੱਕ ਪੇਜ ’ਤੇ ਮੁਹਿੰਮ ਚਲਾ ਰਹੇ ਹਨ, ਜਿਸ ਵਿੱਚ ਲਿਖਿਆ ਗਿਆ ਹੈ ਕਿ ‘ਬੱਸ ਹੋਰ ਨਹੀਂ, ਬਤੌਰ ਸਿੱਖ ਮੈਂ ਬਾਦਲਾਂ ਦਾ ਬਾਈਕਾਟ ਕਰਦਾ ਹਾਂ’, ਜਿਸ ਨੂੰ ਲੋਕ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ ਤੇ ਵੱਧ ਤੋਂ ਵੱਧ ਲਾਈਕ ਤੇ ਕੁਮੈਂਟ ਆ ਰਹੇ ਹਨ। ‘ਆਪ’ ਤੇ ਕਾਂਗਰਸ ਦੇ ਵਰਕਰ ਇਸ ਨੂੰ ਸ਼ੇਅਰ ਕਰ ਰਹੇ ਹਨ। ਇਸੇ ਤਰ੍ਹਾਂ ਫੇਸਬੁੱਕ ਤੋਂ ਇਲਾਵਾ ਵਟਸਐੱਪ ’ਤੇ ਵੀ ਇਸ ਨੂੰ ਵੱਖ ਵੱਖ ਗਰੁੱਪਾਂ ’ਤੇ ਭੇਜਿਆ ਜਾ ਰਿਹਾ ਹੈ।
ਅਕਾਲੀ ਦਲ ਵੱਲੋਂ ‘ਮੈਂ ਬਾਦਲ ਨਾਲ ਹਾਂ’ ਦੀ ਮੁਹਿੰਮ
ਸੋਸ਼ਲ ਮੀਡੀਆ ’ਤੇ ਵਿਰੋਧ ਦੇਖਣ ਤੋਂ ਬਾਅਦ ਅਕਾਲੀ ਦਲ ਨੇ ‘ਮੈਂ ਬਾਦਲ ਨਾਲ ਹਾਂ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਅਕਾਲੀ ਸੋਸ਼ਲ ਮੀਡੀਆ ’ਤੇ ਇਸ ਮੁਹਿੰਮ ਦੇ ਤਹਿਤ ਪੋਸਟਾਂ ਪਾ ਰਹੇ ਹਨ। ਅਕਾਲੀ ਵਰਕਰਾਂ ਨੂੰ ਆਈਟੀ ਵਿੰਗ ਦੇ ਆਗੂਆਂ ਦੇ ਹੁਕਮ ਹਨ ਕਿ ਹਰ ਵਰਕਰ ਫੇਸਬੁੱਕ ’ਤੇ ਇਹ ਪੋਸਟ ਪਾਏ ਤੇ ਆਪਣੀ ਡੀਪੀ ਲਾਏ।