ਮੁੰਬਈ, 31 ਮਈ

ਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਅੱਜ ਇੱਥੇ ਸੋਸ਼ਲ ਮੀਡੀਆ ਉੱਤੇ ਆਪਣੇ ਨਾਂ ’ਤੇ ਮੀਟ ਦੀ ਦੁਕਾਨ ਖੋਲ੍ਹੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਸ਼ਾਕਾਹਾਰੀ ਹਨ। ਸੋਨੂੰ ਨੇ ਤੇਲਗੂ ਵਿੱਚ ਇੱਕ ਖ਼ਬਰ ਦੀ ਵੀਡੀਓ ’ਤੇ ਪ੍ਰਤੀਕਿਰਿਆ ਜਾਹਿਰ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਤੇਲੰਗਾਨਾ ਦੇ ਕਰੀਮਨਗਰ ਵਿੱਚ ਉਸ ਦੇ ਨਾਂ ’ਤੇ ਇੱਕ ਮੀਟ ਦੀ ਦੁਕਾਨ ਦਾ ਨਾਮ ਰੱਖਿਆ ਗਿਆ ਹੈ।

ਟਵਿੱਟਰ ’ਤੇ ਇਸ ਖ਼ਬਰ ’ਤੇ ਮਜ਼ਾਕੀਆ ਲਹਿਜੇ ਵਿੱਚ ਪ੍ਰਤੀਕਿਰਿਆ ਦਿੰਦਿਆਂ ਅਦਾਕਾਰ ਨੇ ਲਿਖਿਆ, ‘‘ਮੈਂ ਸ਼ਾਕਾਹਾਰੀ ਹਾਂ… ਅਤੇ ਮੇਰੇ ਨਾਂ ’ਤੇ ਮੀਟ ਦੀ ਦੁਕਾਨ? ਕੀ ਮੈਂ ਕੋਈ ਸ਼ਾਕਾਹਾਰੀ ਦੁਕਾਨ ਖੋਲ੍ਹਣ ’ਚ ਉਸ ਦੀ ਮਦਦ ਕਰ ਸਕਦਾ ਹਾਂ?’’ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਅਦਾਕਾਰ ਮਰੀਜ਼ਾਂ ਲਈ ਆਕਸੀਜਨ ਕੰਨਸਟਰੇਟਰਜ਼ ਅਤੇ ਹੋਰ ਜ਼ਰੂਰੀ ਉਪਕਰਨਾਂ ਦਾ ਪ੍ਰਬੰਧ ਕਰ ਰਿਹਾ ਹੈ। ਸੋਨੂੰ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਜੂਨ ਮਹੀਨੇ ਆਂਧਰਾ ਪ੍ਰਦੇਸ਼ ਵਿੱਚ ਦੋ ਆਕਸੀਜਨ ਪਲਾਂਟ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਹਾਲ ਹੀ ਵਿੱਚ ਟਵੀਟ ਕੀਤਾ, ‘‘ਇਹ ਐਲਾਨ ਕਰਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਮੇਰੇ ਵੱਲੋਂ ਆਕਸਜੀਨ ਪਲਾਟ ਦਾ ਪਹਿਲਾਂ ਸੈੱਟ ਜੂਨ ਮਹੀਨੇ ਕੁਰਨੂਲ ਸਰਕਾਰੀ ਹਸਪਤਾਲ ਅਤੇ ਇੱਕ ਜ਼ਿਲ੍ਹਾ ਹਸਪਤਾਲ ਆਤਮਾਕੁਰ, ਨੈੱਲੌਰ ਆਂਧਰਾ ਪ੍ਰਦੇਸ਼ ਵਿੱਚ ਲਗਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਹੋਰ ਲੋੜਵੰਦ ਸੂੁਬਿਆਂ ਵਿੱਚ ਵੀ ਪਲਾਂਟ ਲਗਾਏ ਜਾਣਗੇ। ਇਹ ਸਮਾਂ ਭਾਰਤ ਦੇ ਸਮਰਥਨ ਦਾ ਹੈ।’’