ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਨੂੰ ਸਿਹਤ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸੋਨੀਆ ਗਾਂਧੀ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ‘ਚ ਦਾਖਲ ਹੈ। ਉਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਅਤੇ ਉਹ ਡਾਕਟਰਾਂ ਦੀ ਟੀਮ ਦੀ ਨਿਗਰਾਨੀ ‘ਚ ਹਨ।

ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੇਟ ਸਬੰਧੀ ਸਮੱਸਿਆ ਕਾਰਨ ਵੀਰਵਾਰ ਨੂੰ ਸਵੇਰੇ 8:30 ਵਜੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ 78 ਸਾਲਾ ਸੋਨੀਆ ਦੀ ਹਾਲਤ ਠੀਕ ਹੈ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ।ਜਾਣਕਾਰੀ ਅਨੁਸਾਰ ਸਰ ਗੰਗਾ ਰਾਮ ਹਸਪਤਾਲ ਵੱਲੋਂ ਸੋਨੀਆ ਗਾਂਧੀ ਦੀ ਬਾਕਾਇਦਾ ਜਾਂਚ ਕੀਤੀ ਗਈ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਨਿਗਰਾਨੀ ਹੇਠ ਹਨ।

ਕਾਂਗਰਸ ਦੀ ਰਾਜ ਸਭਾ ਮੈਂਬਰ ਸੋਨੀਆ ਗਾਂਧੀ 78 ਸਾਲ ਦੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਸਿਹਤ ਸੰਬੰਧੀ ਸ਼ਿਕਾਇਤਾਂ ਕਾਰਨ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਿਛਲੇ ਸਾਲ ਦੇ ਅੰਤ ਵਿੱਚ ਜਦੋਂ ਕਰਨਾਟਕ ਦੇ ਬੇਲਾਗਾਵੀ ਵਿੱਚ ਕਾਂਗਰਸ ਦੀ ਇਤਿਹਾਸਕ ਮੀਟਿੰਗ ਹੋਈ ਸੀ ਤਾਂ ਸੋਨੀਆ ਗਾਂਧੀ ਇਸ ਵਿੱਚ ਸ਼ਾਮਿਲ ਨਹੀਂ ਹੋ ਸਕੀ ਸੀ। ਉਦੋਂ ਉਹ ਬਿਮਾਰ ਸਨ। ਹਾਲਾਂਕਿ, ਸੋਨੀਆ ਗਾਂਧੀ ਹਾਲ ਹੀ ਵਿੱਚ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਿਲ ਹੋਏ ਸਨ।