ਮੁੰਬਈ: ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਰੰਨਾਂ ’ਚ ਧੰਨਾ’ ਵਿਚ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਨਾਲ ਕੰਮ ਕਰੇਗਾ। ਇਸ ਦਾ ਐਲਾਨ ਫਿਲਮ ਨਿਰਮਾਤਾਵਾਂ ਨੇ ਅੱਜ ਕੀਤਾ ਹੈ। ਇਸ ਤੋਂ ਪਹਿਲਾਂ ਦਿਲਜੀਤ ਨੇ ਫਿਲਮ ‘ਹੌਸਲਾ ਰੱਖ’ ਵਿੱਚ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਨਾਲ ਅਦਾਕਾਰੀ ਕੀਤੀ ਸੀ ਤੇ ਇਸ ਫਿਲਮ ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਹੀ ਫਿਲਮ ‘ਰੰਨਾਂ ਚ ਧੰਨਾ’ ਦਾ ਵੀ ਨਿਰਦੇਸ਼ਨ ਕਰਨਗੇ। ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਬਾਜਵਾ ਅਤੇ ਗਿੱਲ ਨਾਲ ਮੁੜ ‘ਰੰਨਾਂ ’ਚ ਧੰਨਾ’ ਵਿਚ ਕੰਮ ਕਰਨ ਲਈ ਕਾਫੀ ਖੁਸ਼ ਹੈ। ਉਸ ਨੇ ਕਿਹਾ, ‘ਦਰਸ਼ਕਾਂ ਨੇ ‘ਹੌਸਲਾ ਰੱਖ’ ਵਿੱਚ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਨਾਲ ਮੇਰੀ ਜੋੜੀ ਦਾ ਬਹੁਤ ਆਨੰਦ ਮਾਣਿਆ ਸੀ ਅਤੇ ਹੁਣ ਅਸੀਂ ‘ਰੰਨਾਂ ’ਚ ਧੰਨਾ’ ਨਾਲ ਹੋਰ ਵੀ ਮਜ਼ੇਦਾਰ, ਕਾਮੇਡੀ, ਰੋਮਾਂਸ ਅਤੇ ਮਨੋਰੰਜਨ ਨਾਲ ਵਾਪਸ ਆ ਰਹੇ ਹਾਂ।’ ਥਿੰਦ ਮੋਸ਼ਨ ਪਿਕਚਰਜ਼ ਅਤੇ ਸਟੋਰੀਟਾਈਮ ਪ੍ਰੋਡਕਸ਼ਨ ਵੱਲੋਂ ਬਣਾਈ ਜਾ ਰਹੀ ਇਹ ਫਿਲਮ ਅਗਲੇ ਸਾਲ 2 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਦੱਸਣਾ ਬਣਦਾ ਹੈ ਕਿ ਇਸ ਫਿਲਮ ਦਾ ਐਲਾਨ ਸਾਲ 2020 ਵਿੱਚ ਕੀਤਾ ਗਿਆ ਸੀ ਪਰ ਕਰੋਨਾ ਮਹਾਮਾਰੀ ਕਾਰਨ ਇਸ ਦੀ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਤੇ ਹੁਣ ਇਸ ਦੀ ਸ਼ੂਟਿੰਗ ਮੁੜ ਸ਼ੁਰੂ ਕੀਤੀ ਗਈ ਹੈ।