ਕਾਠਮੰਡੂ, 22 ਸਤੰਬਰ
ਅਰਜੁਨ ਸਿੰਘ ਓਇਨਮ, ਜੀ. ਗੋਯਾਰੀ, ਨਾਓਬਾ ਮੈਤੇਈ ਪਾਂਗਮਬਮ ਦੇ ਗੋਲ ਸਦਕਾ ਭਾਰਤ ਨੇ ਅੱਜ ਇੱਥੋਂ ਦੇ ਦਸ਼ਰਥ ਸਟੇਡੀਅਮ ਵਿੱਚ ਸੈਫ ਅੰਡਰ-19 ਚੈਂਪੀਅਨਸ਼ਿਪ ਵਿੱਚ ਬੰਗਲਾਦੇਸ਼ ਨੂੰ 3-0 ਨਾਲ ਹਰਾਇਆ। ਭਾਰਤ ਹੁਣ ਅਗਲੇ ਗਰੁੱਪ ਬੀ ਮੈਚ ਵਿੱਚ 25 ਸਤੰਬਰ ਨੂੰ ਭੁਟਾਲ ਦਾ ਸਾਹਮਣਾ ਕਰੇਗਾ ਅਤੇ ਇਸ ਦੌਰਾਨ ਉਸ ਦੀ ਨਿਗ੍ਹਾ ਨਾਕਆਊਟ ਗੇੜ ਲਈ ਕੁਆਲੀਫਾਈ ਕਰਨ ’ਤੇ ਹੋਵੇਗੀ। ਗਰੁੱਪ ਏ ਵਿੱਚ ਮੇਜ਼ਬਾਨ ਨੇਪਾਲ, ਮਾਲਦੀਵ ਅਤੇ ਪਾਕਿਸਤਾਨ ਸ਼ਾਮਲ ਹਨ। ਹਰੇਕ ਗਰੁੱਪ ਵਿੱਚੋਂ ਦੋ ਸਿਖਰਲੀਆਂ ਟੀਮਾਂ ਸੈਮੀਫਾਈਨਲ ਵਿੱਚ ਜਾਣਗੀਆਂ। ਦੋ ਸਾਲ ਤੋਂ ਵੱਧ ਸਮੇਂ ਮਗਰੋਂ ਕੌਮਾਂਤਰੀ ਮੰਚ ’ਤੇ ਉੱਤਰੀ ਭਾਰਤੀ ਟੀਮ ਨੇ 34 ਸੈਕਿੰਡ ਦੇ ਅੰਦਰ ਹੀ ਦਬਦਬਾ ਬਣਾ ਲਿਆ। ਗੋਯਾਰੀ ਨੇ ਭਾਰਤ ਲਈ ਪਹਿਲਾ ਗੋਲ ਦਾਗ਼ਿਆ ਅਤੇ ਟੀਮ ਨੇ ਨਾਓਬਾ ਮੈਤੇਈ ਦੀ ਬਦੌਲਤ 45+ਪੰਜਵੇਂ ਮਿੰਟ ਵਿੱਚ ਲੀਡ ਦੁੱਗਣੀ ਕਰ ਦਿੱਤੀ। ਇਸ ਮਗਰੋਂ ਅਰਜੁਨ ਓਇਨਮ ਨੇ ਗੋਲ ਕਰਕੇ ਟੀਮ ਨੂੰ 3-0 ਨਾਲ ਜਿੱਤ ਦਵਾਈ।