ਥਿੰਫੂ— ਭਾਰਤੀ ਕੋਚ ਫਰਮਿਨ ਡਿਸੂਜ਼ਾ ਨੇ ਕਿਹਾ ਕਿ ਟੀਮ ਸੈਫ ਅੰਡਰ-15 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ‘ਚ ਸ਼੍ਰੀਲੰਕਾ ਦੇ ਖਿਲਾਫ ਜੇਤੂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ ਅਤੇ ਟੀਮ ਦਾ ਟੀਚਾ ਖਿਤਾਬ ਜਿੱਤਣਾ ਹੈ। ਡਿਸੂਜ਼ਾ ਨੇ ਮੁਕਾਬਲੇ ਤੋਂ ਪਹਿਲੀ ਸ਼ਾਮ ਨੂੰ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਭਾਰਤੀ ਟੀਮ ਜਿੱਤ ਤੋਂ ਘੱਟ ਕੁਝ ਨਹੀਂ ਚਾਹੁੰਦੀ। ਇਹ ਮੈਚ ਥਿੰਫੂ ਸਥਿਤ ਚਾਂਗਲਿਮਿਥਾਂਗ ਸਟੇਡੀਅਮ ‘ਚ ਖੇਡਿਆ ਜਾਵੇਗਾ। 

ਉਨ੍ਹਾਂ ਕਿਹਾ, ”ਅਸੀਂ ਹਾਂ-ਪੱਖੀ ਊਰਜਾ ਦੇ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਇਹ ਮੈਚ ਜਿੱਤਣਾ ਚਾਹੁੰਦੇ ਹਾਂ ਅਤੇ ਤਿੰਨ ਅੰਕ ਹਾਸਲ ਕਰਨਾ ਚਾਹੁੰਦੇ ਹਾਂ। ਇਸ ਜਿੱਤ ਦੇ ਬਾਅਦ ਅਸੀਂ ਮਜ਼ਬੂਤ ਸਥਿਤੀ ‘ਚ ਹੋਵਾਂਗੇ ਅਤੇ ਇਸ ਤਰ੍ਹਾਂ ਸੈਮੀਫਾਈਨਲ ‘ਚ ਪਹੁੰਚ ਸਕਦੇ ਹਾਂ।” ਉਨ੍ਹਾਂ ਕਿਹਾ, ”ਇਸ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ਨੂੰ ਸ਼੍ਰੀਲੰਕਾ ਅਤੇ ਮੇਜ਼ਬਾਨ ਭੂਟਾਨ ਦੇ ਨਾਲ ਗਰੁੱਪ-ਏ ‘ਚ ਰੱਖਿਆ ਗਿਆ ਹੈ। ਸ਼੍ਰੀਲੰਕਾ ਅਤੇ ਭੂਟਾਨ ਦੋਵੇਂ ਹੀ ਮਜ਼ਬੂਤ ਟੀਮਾਂ ਹਨ ਅਤੇ ਸਾਨੂੰ ਚੁਣੌਤੀ ਦੇਣਗੀਆਂ, ਪਰ ਅਸੀਂ ਤਿਆਰ ਹਾਂ। ਸਾਡੀਆਂ ਲੜਕੀਆਂ ਸਖਤ ਮਿਹਨਤ ਕਰਦੇ ਹੋਏ ਅੱਗੇ ਵੱਧ ਰਹੀਆਂ ਹਨ।”