ਮੁੰਬਈ:ਬੌਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਨੇ ਆਪਣੀ ਫਿਲਮ ‘ਭੂਤ ਪੁਲੀਸ’ ਨੂੰ ਦਰਸ਼ਕਾਂ ਵੱਲੋਂ ਮਿਲੀ ਪ੍ਰਸ਼ੰਸਾ ਅਤੇ ਪਿਆਰ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਫ਼ਲਤਾ ਕਈ ਢੰਗਾਂ ਨਾਲ ਤੇ ਕਈ ਰੂਪਾਂ ਵਿੱਚ ਪ੍ਰਾਪਤ ਹੁੰਦੀ ਹੈ ਤੇ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਇਹ ਸਫ਼ਲਤਾ ਮਿਲਣੀ ਬਹੁਤ ਹੀ ਵੱਡੀ ਗੱਲ ਹੈ। ਸੈਫ ਨੇ ਕਿਹਾ, ‘ਕਈ ਵਾਰ ਕੁਝ ਫਿਲਮਾਂ ਦੀ ਕਹਾਣੀ ਸੁਣਦੇ ਸਾਰ ਤੁਹਾਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ ਕਿਉਂਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਇਸ ਕਹਾਣੀ ਵਿੱਚ ਕਿੰਨੀਆਂ ਸੰਭਾਵਨਾਵਾਂ ਹਨ। ਤੁਹਾਡੇ ਲਈ ਇਹ ਵੀ ਮਹੱਤਵਪੂਰਨ ਹੁੰਦਾ ਹੈ ਕਿ ਇਸ ਕਹਾਣੀ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਅਜਿਹੀ ਕਹਾਣੀ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ‘ਭੂਤ ਪੁਲੀਸ’ ਅਜਿਹੀ ਹੀ ਇੱਕ ਕਹਾਣੀ ਹੈ।’ ਅਦਾਕਾਰ ਨੇ ਕਿਹਾ ਕਿ ਇਹ ਫਿਲਮ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਸੈਫ ਨੇ ਇਸ ਫਿਲਮ ਨਾਲ ਜੁੜੇ ਹਰ ਸ਼ਖ਼ਸ ਦਾ ਧੰਨਵਾਦ ਕੀਤਾ।
ਸੈਫ ਨੇ ਕਿਹਾ, ‘ਮੈਂ ਆਪਣੇ ਸਹਿ ਕਲਾਕਾਰਾਂ ਅਰਜੁਨ, ਯਾਮੀ ਅਤੇ ਜੈਕਲਿਨ ਦਾ ਧੰਨਵਾਦ ਕਰਨਾ ਚਾਹਾਂਗਾ। ਅਰਜੁਨ ਦਾ ਖ਼ਾਸ ਤੌਰ ’ਤੇ ਕਿਉਂਕਿ ਅਸੀਂ ਫਿਲਮ ਦੀ ਸ਼ੁਰੂਆਤ ਤੋਂ ਇਕੱਠਿਆਂ ਕੰਮ ਕੀਤਾ ਹੈ ਤੇ ਫਿਲਮ ਦਾ ਹਰ ਸੀਨ ਫਿਲਮਾਉਂਦੇ ਹੋਏ ਬਹੁਤ ਮਸਤੀ ਵੀ ਕੀਤੀ ਹੈ।’ ਸੈਫ ਨੇ ਇਸ ਫਿਲਮ ਨੂੰ ਪਿਆਰ ਦੇਣ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ।