ਨਵੀਂ ਦਿੱਲੀ, 4  ਜੁਲਾਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਸਿਆਸੀ ਪਾਰਟੀਆਂ ਨੂੰ ਤੋੜਨ ਲਈ ਇਸ ਸਰਕਾਰ ਕੋਲ ਸਾਰਾ ਸਮਾਂ ਹੈ, ਪਰ ਹਥਿਆਰਬੰਦ ਬਲਾਂ ਵਿੱਚ ਮਹੱਤਵਪੂਰਨ ਅਸਾਮੀਆਂ ਭਰਨ ਲਈ ਕੋਈ ਸਮਾਂ ਨਹੀਂ ਹੈ।’
ਸ੍ਰੀ ਖੜਗੇ ਨੇ ਆਪਣੇ ਟਵੀਟ ਦੇ ਨਾਲ ਹੀ ਫ਼ੌਜ ’ਚ ਮੇਜਰ ਤੇ ਕੈਪਟਨ ਪੱਧਰ ਉੱਤੇ ਅਸਾਮੀਆਂ ਖਾਲੀ ਹੋਣ ਦਾ ਹਵਾਲਾ ਵੀ ਦਿੱਤਾ। ਟਵਿੱਟਰ ’ਤੇ ਕਾਂਗਰਸ ਪ੍ਰਧਾਨ ਨੇ ਇੱਕ ਮੀਡੀਆ ਰਿਪੋਰਟ ਸ਼ੇਅਰ ਕੀਤੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਫੌਜ ਕੈਪਟਨ ਤੇ ਮੇਜਰ ਪੱਧਰ ਉਤੇ ਅਧਿਕਾਰੀਆਂ ਦੀ ਵੱਡੀ ਕਮੀ ਦਾ ਸਾਹਮਣਾ ਕਰ ਰਹੀ ਹੈ, ਤੇ ਨਾਲ ਹੀ ਵੱਖ-ਵੱਖ ਹੈੱਡਕੁਆਰਟਰਾਂ ’ਤੇ ਯੂਨਿਟਾਂ ਵਿਚ ਇਸ ਕਮੀ ਨੂੰ ਪੂਰਨ ਲਈ ਸਟਾਫ ਅਫ਼ਸਰਾਂ ਦੀ ਨਿਯੁਕਤੀ ਘਟਾਉਣ ਦੀ ਯੋਜਨਾ ਬਣਾ ਰਹੀ ਹੈ।
ਰਿਪੋਰਟ ਮੁਤਾਬਕ ਫ਼ੌਜ ਨਾਲ ਹੀ ਇਨ੍ਹਾਂ ਅਹੁਦਿਆਂ ’ਤੇ ਪਹਿਲਾਂ ਸੇਵਾਵਾਂ ਦੇ ਚੁੱਕੇ ਅਧਿਕਾਰੀਆਂ ਨੂੰ ਮੁੜ ਰੱਖਣ ਦੀ ਯੋਜਨਾ ਵੀ ਬਣਾ ਰਹੀ ਹੈ। ਖੜਗੇ ਨੇ ਟਵੀਟ ਵਿਚ ਕਿਹਾ, ‘ਉਹ ਜਿਹੜੇ ਰੋਜ਼ਾਨਾ ਰਾਸ਼ਟਰਵਾਦ ਦਾ ਰੌਲਾ ਪਾਉਂਦੇ ਹਨ, ਨੇ ਸਾਡੇ ਹਥਿਆਰਬੰਦ ਬਲਾਂ ਨਾਲ ਦਗ਼ਾ ਕੀਤਾ ਹੈ।’ ਖੜਗੇ ਨੇ ਕਿਹਾ ਕਿ ਮੌਜੂਦਾ ਸਮੇਂ ਹਥਿਆਰਬੰਦ ਬਲਾਂ ਤੇ ਕੇਂਦਰੀ ਪੁਲੀਸ ਬਲਾਂ ਵਿਚ ਦੋ ਲੱਖ ਤੋਂ ਵੱਧ ਅਸਾਮੀਆਂ ਖਾਲੀ ਹਨ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਗਨੀਪਥ ਸਕੀਮ ਇਸ ਗੱਲ ਨੂੰ ਸਪੱਸ਼ਟ ਤੌਰ ’ਤੇ ਮੰਨਣ ਦੇ ਬਰਾਬਰ ਹੈ ਕਿ ਮੋਦੀ ਸਰਕਾਰ ਕੋਲ ਦੇਸ਼ ਦੇ ਸੈਨਿਕਾਂ ਲਈ ਪੈਸਾ ਹੀ ਨਹੀਂ ਹੈ। ਉਨ੍ਹਾਂ ਨਾਲ ਹੀ ਦੋਸ਼ ਲਾਇਆ, ‘ਮੋਦੀ ਸਰਕਾਰ ਨੇ ਰੱਖਿਆ ਬਲਾਂ ਨੂੰ ‘ਓਆਰਓਪੀ’ ਲਾਗੂ ਕਰਨ ’ਤੇ ਵੀ ਧੋਖਾ ਦਿੱਤਾ ਹੈ ਤੇ ਓਆਰਓਪੀ-2 ਵਿਚ ਵੱਡੇ ਪੱਧਰ ’ਤੇ ਖਾਮੀਆਂ ਦੇ ਕੇ ਬਹਾਦਰ ਜਵਾਨਾਂ ’ਚ ਫੁਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਮੋਦੀ ਸਰਕਾਰ ਤੇ ਭਾਜਪਾ ਲਈ ਕੌਮੀ ਸੁਰੱਖਿਆ ਤਰਜੀਹ ਨਹੀਂ ਹੈ।