ਨਵੀਂ ਦਿੱਲੀ, 5 ਅਗਸਤ
ਨਵਦੀਪ ਸੈਣੀ ਦੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਗੌਤਮ ਗੰਭੀਰ ਨੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਅਤੇ ਚੇਤਨ ਚੌਹਾਨ ਨੂੰ ਫਿਰ ਕਰੜੇ ਹੱਥੀਂ ਲਿਆ। ਇਸ 26 ਸਾਲ ਦੇ ਤੇਜ਼ ਗੇਂਦਬਾਜ਼ ਨੇ ਕੱਲ੍ਹ 17 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਲੌਡਰਹਿੱਲ ਵਿੱਚ ਭਾਰਤ ਦੀ ਚਾਰ ਵਿਕਟਾਂ ਨਾਲ ਜਿੱਤ ਦਾ ਸਟਾਰ ਰਿਹਾ।
ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੰਭੀਰ ਨੇ ਬੇਦੀ ਅਤੇ ਚੌਹਾਨ ’ਤੇ ਦੋਸ਼ ਲਾਇਆ ਸੀ ਕਿ ਇਨ੍ਹਾਂ ਦੋਵਾਂ ਨੇ ਦਿੱਲੀ ਦੀ ਰਣਜੀ ਟੀਮ ਵਿੱਚ ਸੈਣੀ ਨੂੰ ਦਖ਼ਲ ਹੋਣ ਤੋਂ ਰੋਕਣ ਦਾ ਯਤਨ ਕੀਤਾ ਸੀ। ਗੰਭੀਰ ਨੇ ਇਨ੍ਹਾਂ ਦੋਵਾਂ ਸਾਬਕਾ ਖਿਡਾਰੀਆਂ ’ਤੇ ਫਿਰ ਨਿਸ਼ਾਨਾ ਸਾਧਿਆ । ਗੰਭੀਰ ਨੇ ਟਵੀਟ ਕੀਤਾ, ‘‘ਨਵਦੀਪ ਸੈਣੀ ਭਾਰਤ ਲਈ ਪਲੇਠੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੁਸੀਂ ਗੇਂਦਬਾਜ਼ੀ ਕਰਨ ਤੋਂ ਪਹਿਲਾਂ ਹੀ ਬਿਸ਼ਨ ਬੇਦੀ ਅਤੇ ਚੇਤਨ ਚੌਹਾਨ ਨੂੰ ਆਊਟ ਕਰਕੇ ਦੋ ਵਿਕਟਾਂ ਲੈ ਲਈਆਂ। ਇੱਕ ਅਜਿਹੇ ਖਿਡਾਰੀ ਨੂੰ ਪਹਿਲੀ ਵਾਰ ਖੇਡਦੇ ਵੇਖਣਾ ਉਨ੍ਹਾਂ ਦੇ ਮਿਡਲ ਸਟੰਪ ਉਖਾੜਨਾ ਹੀ ਹੈ, ਜਿਨ੍ਹਾਂ ਨੇ ਮੈਦਾਨ ’ਤੇ ਉਤਰਨ ਤੋਂ ਪਹਿਲਾਂ ਉਸ ਨੂੰ ਬਾਹਰ ਕਰ ਦਿੱਤਾ ਸੀ।’’
ਬੇਦੀ ਅਤੇ ਚੌਹਾਨ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੇ ਮੈਂਬਰਾਂ ਦੇ ਇੱਕ ਗੁੱਟ ਦਾ ਹਿੱਸਾ ਸਨ, ਜਿਨ੍ਹਾਂ ਨੇ ਦਿੱਲੀ ਵਿੱਚ ਰਣਜੀ ਟਰਾਫੀ ਟੀਮ ਵਿੱਚ ਹਰਿਆਣਾ ਵਿੱਚ ਜਨਮੇ ਸੈਣੀ ਨੂੰ ਲਿਆਉਣ ਦੇ ਗੰਭੀਰ ਦੇ ਫ਼ੈਸਲੇ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਦਿੱਲੀ ਦੀ ਟੀਮ ਵਿੱਚ ਬਾਹਰਲੇ ਸੂਬੇ ਦਾ ਖਿਡਾਰੀ ਕਿਵੇਂ ਸ਼ਾਮਲ ਹੋ ਸਕਦਾ ਹੈ। ਇਹ ਪਹਿਲੀ ਵਾਰ ਨਹੀਂ, ਜਦੋਂ ਗੰਭੀਰ ਨੇ ਬੇਦੀ ਅਤੇ ਚੌਹਾਨ ਨੂੰ ਕਰੜੇ ਹੱਥੀਂ ਲਿਆ ਹੋਵੇ। ਬੀਤੇ ਸਾਲ ਅਫ਼ਗਾਨਿਸਤਾਨ ਖ਼ਿਲਾਫ਼ ਇਕਲੌਤੇ ਟੈਸਟ ਲਈ ਸੈਣੀ ਦੇ ਭਾਰਤੀ ਟੀਮ ਵਿੱਚ ਥਾਂ ਬਣਾਉਣ ਮਗਰੋਂ ਵੀ ਉਸ ਨੇ ਅਜਿਹਾ ਕੀਤਾ ਸੀ, ਹਾਲਾਂਕਿ ਉਹ ਇਸ ਟੈਸਟ ਵਿੱਚ ਨਹੀਂ ਖੇਡਿਆ ਸੀ। ਸੈਣੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਇਸ ਸਫਲਤਾ ਲਈ ਗੰਭੀਰ ਅਤੇ ਦਿੱਲੀ ਦੇ ਹੋਰ ਸੀਨੀਅਰ ਖਿਡਾਰੀਆਂ ਦਾ ਰਿਣੀ ਹੈ।