ਟੋਰਾਂਟੋ— ਓਨਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਸਪੱਸ਼ਟ ਕੀਤਾ ਹੈ ਕਿ ਸੈਕਸ ਸਿੱਖਿਆ ਦੇ ਨਵੇਂ ਪਾਠਕ੍ਰਮ ਦਾ ਖਰੜਾ ਤਿਆਰ ਕਰਨ ਤੋਂ ਪਹਿਲਾਂ ਓਨਟਾਰੀਓ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਪ੍ਰੀਮੀਅਰ ਦਾ ਬਿਆਨ ਅਜਿਹੇ ਵੇਲੇ ‘ਚ ਸਾਹਮਣੇ ਆਇਆ ਹੈ ਜਦੋਂ ਨਵੀਂ ਸਰਕਾਰ ‘ਤੇ ਦੋਸ਼ ਲੱਗ ਰਹੇ ਹਨ ਕਿ ਓਨਟਾਰੀਓ ਦਾ ਵਿਵਾਦਿਤ ਸੈਕਸ ਸਿੱਖਿਆ ਪਾਠਕ੍ਰਮ ਰੱਦ ਕਰਨ ਦਾ ਐਲਾਨ ਕਰ ਚੁੱਕੀ ਪੀ.ਸੀ. ਪਾਰਟੀ ਦੀ ਸਰਕਾਰ ਹੁਣ ਪੈਰ ਪਿੱਛੇ ਖਿੱਚ ਰਹੀ ਹੈ।
ਓਨਟਾਰੀਓ ਦੀ ਨਵੀਂ ਸਿੱਖਿਆ ਮੰਤਰੀ ਲਿਜ਼ਾ ਥਾਮਸਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਸੈਕਸ ਸਿੱਖਿਆ ‘ਚ ਸਹਿਮਤੀ, ਲਿੰਗ ਦੀ ਪਛਾਣ ਤੇ ਸਾਈਬਰ ਸਰੱਖਿਆ ਵਰਗੀਆਂ ਚੀਜ਼ਾਂ ਬਾਰੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਦੇ ਇਸ ਬਿਆਨ ਮਗਰੋਂ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਸੀ ਤੇ ਦੋਸ਼ ਲਾਏ ਜਾ ਰਹੇ ਸਨ ਕਿ ਡਗ ਫੋਰਡ ਸਰਕਾਰ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਚੋਣਾਂ ਵੇਲੇ ਡਗ ਫੋਰਡ ਨੇ 2015 ‘ਚ ਤੱਤਕਾਲੀ ਸਰਕਾਰ ਵਲੋਂ ਲਾਗੂ ਕੀਤੇ ਗਏ ਸੈਕਸ ਸਬੰਧੀ ਪਾਠਕ੍ਰਮ ਨੂੰ ਰੱਦ ਕਰਨ ਤੇ ਬਦਲਣ ਦਾ ਵਾਅਦਾ ਕੀਤਾ ਸੀ। ਸਰਕਾਰ ਨੇ ਪਿਛਲੇ ਹਫਤੇ ਕਿਹਾ ਸੀ ਕਿ ਜਦੋਂ ਹੁਣ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ ਤਾਂ ਵਿਦਿਆਰਥੀਆਂ ਨੂੰ 1998 ਦੇ ਪਾਠਕ੍ਰਮ ਦੇ ਮੁਤਾਬਕ ਪੜ੍ਹਾਇਆ ਜਾਵੇਗਾ।
ਡਗ ਫੋਰਡ ਨੇ ਕਿਹਾ ਕਿ ਨਵੇਂ ਪਾਠਕ੍ਰਮ ਦਾ ਖਰੜਾ ਤਿਆਰ ਕਰਨ ਤੋਂ ਪਹਿਲਾਂ ਓਨਟਾਰੀਓ ਦੀਆਂ 124 ਰਾਈਡਿੰਗਾਂ ਦੇ ਲੋਕਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਮਾਮਲੇ ‘ਚ ਇਹ ਇਤਿਹਾਸ ਦਾ ਸਭ ਤੋਂ ਵੱਡਾ ਸਲਾਹ-ਮਸ਼ਵਰਾ ਹੋਵੇਗਾ। ਡਗ ਫੋਰਡ ਨੇ ਨਿੰਦਕਾਂ ਦੀ ਚਿੰਤਾ ਦੂਰ ਕਰਦਿਆਂ ਕਿਹਾ ਕਿ ਪੁਰਾਣੇ ਪਾਠਕ੍ਰਮ ‘ਚ ਪਰਤਣ ਦਾ ਮਤਲਬ ਹੈ ਕਿ ਸਾਈਬਰ ਸੁਰੱਖਿਆ, ਲਿੰਗ ਪਛਾਣ ਤੇ ਸਹਿਮਤੀ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਵਿਚਾਰਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਸਾਡੇ ਬੱਚਿਆਂ ਨੂੰ ਅਜਿਹੇ ਮੁੱਦਿਆਂ ‘ਤੇ ਸਿੱਖਿਆ ਦੇਣ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਸਲਾਹ-ਮਸ਼ਵਰਾ ਕਰਨਾ ਪੈਂਦਾ ਹੈ।