ਵਾਸ਼ਿੰਗਟਨ, 8 ਸਤੰਬਰ
ਭਾਰਤ ਅਤੇ ਅਮਰੀਕਾ ਦੇ ਦੋ ਸਿਖਰਲੇ ਸੇਵਾਮੁਕਤ ਜਨਰਲ ਜਨਰਲ (ਸੇਵਾਮੁਕਤ) ਮਨੋਜ ਮੁਕੰਦ ਨਰਵਾਣੇ ਅਤੇ ਜਨਰਲ (ਸੇਵਾਮੁਕਤ) ਰਿਚਰਡ ਕਲਾਰਕ ਅਮਰੀਕਾ ਭਾਰਤ ਰਣਨੀਤਕ ਅਤੇ ਸਾਂਝੇਦਾਰੀ ਮੰਚ (ਯੂਐੱਸਆਈਐੱਸਪੀਐੱਫ) ਦੇ ਸਲਾਹਕਾਰ ਬੋਰਡ ਵਿੱਚ ਸ਼ਾਮਲ ਹੋਏ ਹਨ। ਜਨਰਲ (ਸੇਵਾਮੁਕਤ) ਨਰਵਾਣੇ ਨੇ ਭਾਰਤੀ ਸੈਨਾ ਵਿੱਚ 28ਵੇਂ ਥਲ ਸੈਨਾ ਮੁਖੀ ਵਜੋਂ ਸੇਵਾਵਾਂ ਨਿਭਾਈਆਂ ਹਨ ਅਤੇ ਜਨਰਲ (ਸੇਵਾਮੁਕਤ) ਕਲਾਰਕ ਯੂਐੱਸ ਸਪੈਸ਼ਲ ਅਪਰੇਸ਼ਨ ਕਮਾਂਡ ਦੇ ਸਾਬਕਾ ਕਮਾਂਡਰ ਹਨ।
ਯੂਐੱਸਆਈਐੱਸਪੀਐੱਫ ਨੇ ਇਹ ਵੀ ਐਲਾਨ ਕੀਤਾ ਕਿ ਏਸ਼ੀਆ-ਪ੍ਰਸ਼ਾਂਤ ਅਤੇ ਜਾਪਾਨ ਖੇਤਰ ਲਈ ਡੈੱਲ ਤਕਨਾਲੋਜੀ ਦੇ ਪ੍ਰਧਾਨ ਪੀਟਰ ਮਾਰਸ ਬੋਰਡ ਆਫ ਡਾੲਿਰੈਕਟਰ ਵਿੱਚ ਸ਼ਾਮਲ ਹੋ ਗਏ ਹਨ।
ਨਰਵਾਣੇ ਨੇ ਕਿਹਾ, ‘‘ਯੂਐੱਸਆਈਐੱਸਪੀਐੱਫ ਦੇ ਬੋਰਡ ਵਿੱਚ ਸੱਦਾ ਮਿਲਣਾ ਮਾਣ ਅਤੇ ਸਨਮਾਨ ਵਾਲੀ ਗੱਲ ਹੈ, ਇੱਕ ਅਜਿਹਾ ਮੰਚ ਜਿਸ ਨੇ ਅਮਰੀਕਾ-ਭਾਰਤ ਸਬੰਧਾਂ ਨੂੰ ਅੱਗੇ ਵਧਾਇਆ ਹੈ।’’ ਉਨ੍ਹਾਂ ਕਿਹਾ, ‘‘ਇਸ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਮੈਂ ਇਸ ਕੋਸ਼ਿਸ਼ ਦਾ ਹਿੱਸਾ ਬਣਨ ਲਈ ਉਤਸਕ ਹਾਂ।’’ ਕਲਾਰਕ ਨੇ ਕਿਹਾ ਕਿ ਸੈਨਾ ਅਤੇ ਨੈਸ਼ਨਲ ਵਾਰ ਕਾਲਜ ਵਿੱਚ ਰਹਿਣ ਦੌਰਾਨ ਉਨ੍ਹਾਂ ਨੂੰ ਭਾਰਤ ਦੀ ਯਾਤਰਾ ਕਰਨ ਅਤੇ ਅਧਿਐਨ ਕਰਨ ਦਾ ਮੌਕਾ ਮਿਲਿਆ।
ਉਨ੍ਹਾਂ ਕਿਹਾ, ‘‘ਹੁਣ ਸੇਵਾਮੁਕਤ ਹੋਣ ਮਗਰੋਂ ਮੈਨੂੰ ਉਮੀਦ ਹੈ ਕਿ ਮੈਂ ਇਸ ਸਦੀ ਵਿੱਚ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਰਣਨੀਤਿਕ ਭਾਈਵਾਲਾਂ ਵਿੱਚੋਂ ਇੱਕ ਨਾਲ ਸੁਰੱਖਿਆ ਸਬੰਧਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗਾ।’’ ਯੂਐੱਸਆਈਐੱਸਪੀਐੱਫ ਦੇ ਪ੍ਰਧਾਨ ਅਤੇ ਸੀਈਓ ਮੁਕੇਸ਼ ਅਘੀ ਨੇ ਕਿਹਾ ਕਿ ਪੀਟਰ ਮਾਰਸ, ਜਨਰਲ ਨਰਵਾਣੇ ਅਤੇ ਜਨਰਲ ਕਲਾਰਕ ਦੀ ਨਿਯੁਕਤੀ ਰੱਖਿਆ ਖੇਤਰ ਵਿੱਚ ਖਾਸ ਕਰਕੇ ਉਭਰਦੀ ਤਕਨਾਲੋਜੀ ਦੇ ਮਹੱਤਵ ਅਤੇ ਤਾਲਮੇਲ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੇ ਸਫ਼ਲ ਸਿਆਸੀ ਦੌਰੇ ਅਤੇ ਮੋਦੀ ਤੇ ਰਾਸ਼ਟਰਪਤੀ ਜੋਅ ਬਾਇਡਨ ਦੇ ਸਾਂਝੇ ਬਿਆਨ ਵਿੱਚ ਆਈਸੀਈਟੀ ਅਤੇ ਪੁਲਾੜ ਖੇਤਰ ਵਿੱਚ ਸਹਿਯੋਗ ਦੇ ਮਹੱਤਵ ’ਤੇ ਜ਼ੋਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ, ‘‘ਨਿੱਜੀ ਖੇਤਰ ਦੇ ਨੇਤਾ ਅਤੇ ਸਾਬਕਾ ਉੱਘੇ ਫ਼ੌਜੀ ਅਧਿਕਾਰੀ ਭਾਈਵਾਲੀ ਦੇ ਵਪਾਰਕ ਅਤੇ ਭੂ-ਰਣਨੀਤਿਕ ਪਹਿਲੂਆਂ ਨੂੰ ਸਮਝਣ ਲਈ ਯੂਐੱਸਆਈਐੱਸਪੀਐੱਫ ਦੀ ਸੰਪੂਰਨ ਪਹੁੰਚ ਦੀ ਮਿਸਾਲ ਪੇਸ਼ ਕਰਦੇ ਹਨ।’’