ਆਕਲੈਂਡ, 10 ਜਨਵਰੀ
ਅਮਰੀਕੀ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਇਕ ਸੈੱਟ ਨਾਲ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਹਮਵਤਨ ਕ੍ਰਿਸਟਿਨਾ ਮੈਕਹੇਲ ਨੂੰ ਹਰਾ ਕੇ ਡਬਲਿਊਟੀਏ ਔਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਯਕੀਨੀ ਬਣਾਈ। ਸੇਰੇਨਾ ਦੀਆਂ ਨਜ਼ਰਾਂ ਆਸਟਰੇਲਿਆਈ ਓਪਨ ’ਚ 24ਵਾਂ ਗਰੈਂਡ ਸਲੇਮ ਖ਼ਿਤਾਬ ਜਿੱਤਣ ’ਤੇ ਲੱਗੀਆਂ ਹਨ ਜਿਸ ਦੀਆਂ ਤਿਆਰੀਆਂ ’ਚ ਉਹ ਜੁਟੀ ਹੋਈ ਹੈ।
ਸਿਖ਼ਰਲਾ ਦਰਜਾ ਪ੍ਰਾਪਤ ਖਿਡਾਰਨ ਨੇ ਦੋ ਘੰਟਿਆਂ ’ਚ ਮੈਕਹੇਲ ਨੂੰ 3-6, 6-2, 6-3 ਨਾਲ ਮਾਤ ਦਿੱਤੀ ਅਤੇ ਹੁਣ ਕੁਆਰਟਰ ਫਾਈਨਲ ’ਚ ਜਰਮਨੀ ਦੀ ਲੌਰਾ ਸਿਗੇਮੁੰਡ ਦੇ ਸਾਹਮਣੇ ਹੋਵੇਗੀ ਜਿਸ ਨੇ ਦੂਜੇ ਗੇੜ ’ਚ ਨੌਜਵਾਨ ਖਿਡਾਰਨ ਕੋਕੋ ਗੌਫ ਨੂੰ 5-7, 6-2, 6-3 ਨਾਲ ਹਰਾਇਆ। ਪਿਛਲੀ ਚੈਂਪੀਅਨ ਜੂਲੀਆ ਜਿਓਰਜਸ ਨੇ ਵੀ ਜਿੱਲ ਟੈਕਮੈਨ ’ਤੇ 6-3, 6-2 ਦੀ ਜਿੱਤ ਨਾਲ ਆਖ਼ਰੀ ਅੱਠਾਂ ’ਚ ਜਗ੍ਹਾ ਬਣਾਈ। ਹੁਣ ਉਹ ਸ਼ੁੱਕਰਵਾਰ ਨੂੰ ਕੈਰੋਲਿਨ ਵੋਜ਼ਨਿਆਕੀ ਦੇ ਸਾਹਮਣੇ ਹੋਵੇਗੀ ਜਿਸ ਨੇ 2017 ਔਕਲੈਂਡ ਓਪਨ ਦੀ ਚੈਂਪੀਅਨ ਲਾਰੇਨ ਡੇਵਿਸ ਨੂੰ 6-1, 4-6, 6-4 ਨਾਲ ਮਾਤ ਦਿੱਤੀ।