ਪਾਰਟੀ ਨੂੰ ਕਿਹਾ ਕਿ ਜੇਕਰ ਸੇਖਵਾਂ ਅਸਤੀਫਾ ਨਹੀਂ ਦਿੰਦਾ ਤਾਂ ਉਸ ਨੂੰ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ

ਕਾਦੀਆਂ ਹਲਕੇ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸੇਖਵਾਂ ‘ਮੌਕਾਪ੍ਰਸਤ ਅਤੇ ਵਿਸ਼ਵਾਸ਼ਘਾਤੀ’ ਆਗੂ ਕਰਾਰ

ਕਾਦੀਆਂ-  ਕਾਦੀਆਂ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਸਮੂਹ ਪਾਰਟੀ ਵਰਕਰਾਂ ਨੇ ਮੰਗ ਕੀਤੀ ਹੈ ਕਿ ਸਰਦਾਰ ਸੇਵਾ ਸਿੰਘ ਸੇਖਵਾਂ ਤੁਰੰਤ ਅਕਾਲੀ ਦਲ ਤੋਂ ਅਸਤੀਫਾ ਦੇਵੇ। ਉਹਨਾਂ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਸੇਖਵਾਂ ਅਸਤੀਫਾ ਨਹੀਂ ਦਿੰਦਾ ਹਾਂ ਤਾਂ ਉਸ ਨੂੰ ਤੁਰੰਤ ਪਾਰਟੀ ‘ਚੋਂ ਬਰਖਾਸਤ ਕੀਤਾ ਜਾਵੇ। ਸੇਖਵਾਂ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ਦੀ ਸਖ਼ਤ ਨਿਖੇਧੀ ਕਰਦਿਆਂ ਅਕਾਲੀ ਲੀਡਰਸ਼ਿਪ ਵੱਲੋਂ ਉਸ ਨੂੰ ਮੌਕਾਪ੍ਰਸਤ ਅਤੇ ਵਿਸ਼ਵਾਸ਼ਘਾਤੀ ਕਰਾਰ ਦਿੱਤਾ ਗਿਆ ਹੈ।

ਇਸ ਸੰਬੰਧੀ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ      ਨੇ ਕਿਹਾ ਕਿ ਸਰਦਾਰ ਸੇਖਵਾਂ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਲਗਾਤਾਰ ਪਾਰਟੀ ਅਤੇ ਸੀਨੀਅਰ ਲੀਡਰਸ਼ਿਪ ਖ਼ਿਲਾਫ ਬਿਆਨਬਾਜ਼ੀ ਕਰਦਾ ਆ ਰਿਹਾ ਹੈ।  ਉਹਨਾਂ ਕਿਹਾ ਕਿ ਸਰਦਾਰ ਸੇਖਵਾਂ ਹਲਕੇ ਦੇ ਲੋਕਾਂ ਦਾ ਪੂਰੀ ਤਰ੍ਹਾਂ ਵਿਸ਼ਵਾਸ਼ ਗੁਆ ਚੁੱਕਿਆ ਹੈ। ਉਹਨਾਂ ਕਿਹਾ ਕਿ ਸੇਖਵਾਂ ਇੱਕ ਮੌਕਾਪ੍ਰਸਤ ਅਤੇ ਵਿਸ਼ਵਾਸ਼ਘਾਤੀ ਵਿਅਕਤੀ ਹੈ। ਜਦੋਂ ਤਕ ਪਾਰਟੀ ਸੱਤਾ ਵਿਚ ਰਹੀ ਤਾਂ ਉਹ ਸੱਤਾ ਦੇ ਸੁੱਖ ਮਾਣਦਾ ਰਿਹਾ ਅਤੇ ਉਸ ਨੂੰ ਪਾਰਟੀ ਜਾਂ ਅਕਾਲੀ ਲੀਡਰਸ਼ਿਪ ਅੰਦਰ ਕਦੇ ਕੋਈ ਖੋਟ ਨਜ਼ਰ ਨਹੀਂ ਆਇਆ। ਪਾਰਟੀ ਦੇ ਸੱਤਾ ਵਿਚੋਂ ਬਾਹਰ ਹੁੰਦੇ ਹੀ ਉਸ ਨੇ ਪਾਰਟੀ ਦੇ ਫੈਸਲਿਆਂ ਉੱਤੇ ਸਵਾਲ ਉਠਾਉਣੇ ਅਤੇ ਸੀਨੀਅਰ ਲੀਡਰਸ਼ਿਪ ਉੱਤੇ ਬੇਬੁਨਿਆਦ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਮਤਲਬੀ ਆਗੂ ਨਾ ਆਪਣੇ ਹਲਕੇ ਦੇ ਲੋਕਾਂ ਦੇ ਸਕੇ ਹੁੰਦੇ ਹਨ ਅਤੇ ਨਾ ਹੀ ਪਾਰਟੀ ਦੇ।

ਸਰਦਾਰ ਸੇਖਵਾਂ ਦੇ ਸਿਆਸੀ ਕੱਦ ਬਾਰੇ ਟਿੱਪਣੀ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸੇਖਵਾਂ ਦਾ ਲੋਕਾਂ ਵਿਚ ਬਿਲਕੁੱਲ ਵੀ ਕੋਈ ਆਧਾਰ ਨਹੀਂ ਬਚਿਆ ਹੈ। ਉਹਨਾਂ ਕਿਹਾ ਕਿ ਉਹ ਲਗਾਤਾਰ 2002, 2007, 20012 ਅਤੇ 2017 ਵਿਚ ਚਾਰ ਵਿਧਾਨ ਸਭਾ ਚੋਣ ਮੁਕਾਬਲੇ ਹਾਰ ਚੁੱਕਿਆ ਹੈ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ 2009 ਵਿਚ ਜ਼ਿਮਨੀ ਚੋਣ ਹੋਈ ਸੀ, ਜਿਸ ਦੌਰਾਨ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਨੇ ਜ਼ੋਰਦਾਰ ਪ੍ਰਚਾਰ ਕਰਕੇ ਸੇਖਵਾਂ ਨੂੰ ਇਹ ਚੋਣ ਜਿਤਾਈ ਸੀ। 

ਸਰਦਾਰ ਸੇਖਵਾਂ ਵੱਲੋਂ ਅਕਾਲੀ ਦਲ ਅਤੇ ਸੀਨੀਅਰ ਲੀਡਰਸ਼ਿਪ ਕੋਲੋਂ ਲਏ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ 2009 ਵਿਚ ਸਰਦਾਰ ਬਾਦਲ ਦੁਆਰਾ ਸੇਖਵਾਂ ਨੂੰ ਜ਼ਿਮਨੀ ਚੋਣ ਜਿਤਾਉਣ ਤੋਂ ਮਗਰੋਂ ਅਕਾਲੀ-ਭਾਜਪਾ ਸਰਕਾਰ ਅੰਦਰ ਸਿੱਖਿਆ ਮੰਤਰੀ  ਬਣਾਇਆ ਗਿਆ ਸੀ। ਉਹਨਾਂ ਕਿਹਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਲੋਕ ਵਿਰੋਧੀ ਸੁਭਾਅ ਕਰਕੇ ਸੇਖਵਾਂ ਮੁੜ ਹਾਰ ਗਿਆ ਸੀ। ਪਰ ਇਸ ਦੇ ਬਾਵਜੂਦ ਸੀਨੀਅਰ ਲੀਡਰਸ਼ਿਪ ਵੱਲੋਂ ਉਸ ਨੂੰ ਤਕਨੀਕੀ ਸਿੱਖਿਆ ਬੋਰਡ ਦਾ ਚੇਅਰਮੈਨ ਬਣਾ ਕੇ ਕੈਬਨਿਟ ਰੈਂਕ ਦੇ ਬਰਾਬਰ ਦਾ ਰੁਤਬਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸੇਖਵਾਂ ਦਾ ਚੰਗੇ ਅਤੇ ਮਾੜੇ ਦੋਹਾਂ ਸਮਿਆਂ ਵਿਚ ਸਾਥ ਦਿੱਤਾ ਹੈ, ਜਦਕਿ ਸੇਖਵਾਂ ਨੇ ਸਿਰਫ ਅਹੁਦੇ ਮਾਣਨ ਤੀਕ ਅਕਾਲੀ ਦਲ ਨਾਲ ਵਫਾਦਰੀ ਪੁਗਾਈ  ਹੈ। ਸੱਤਾ ਖੁੱਸਦੇ ਹੀ ਸੇਖਵਾਂ ਨੇ ਗਿਰਗਿਟ ਵਾਂਗ ਰੰਗ ਬਦਲ ਲਿਆ ਹੈ ਅਤੇ ਪਾਰਟੀ ਅਤੇ ਸੀਨੀਅਰ ਲੀਡਰਸ਼ਿਪ ਬਾਰੇ ਅਬਾ ਤਬਾ ਬੋਲਣਾ ਸ਼ੁਰੂ ਕਰ ਦਿੱਤਾ ਹੈ।

ਸੇਖਵਾਂ ਵੱਲੋਂ ਬਾਦਲ ਸਾਹਿਬ ਉੱਤੇ ਲਾਏ ਜਾ ਰਹੇ ਪਰਿਵਾਰਵਾਦ ਦੇ ਦੋਸ਼ਾਂ ਦਾ ਮੋੜਵਾਂ ਜੁਆਬ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸੇਖਵਾਂ ਨੂੰ ਪਰਿਵਾਰਵਾਦ ਅਤੇ ਬੇਅਦਬੀ ਕਾਂਡ ਵਰਗੀਆਂ ਗੱਲਾਂ ਸੱਤਾ ਖੁੱਸਣ ਤੋਂ ਬਾਅਦ ਸੁੱਝਣੀਆਂ ਸ਼ੁਰੂ ਹੋਈਆਂ ਹਨ। ਉਹਨਾਂ ਕਿਹਾ ਕਿ ਜੇਕਰ ਸੇਖਵਾਂ  ਪਰਿਵਾਰਵਾਦ ਦੇ ਖ਼ਿਲਾਫ ਹੈ ਤਾਂ ਫਿਰ ਉਸ ਨੇ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਦੇ ਅਹੁਦੇ ਉੱਤੇ ਆਪਣੇ ਬੇਟੇ ਜਗਰੂਪ ਸੇਖਵਾਂ ਨੂੰ ਕਿਉਂ ਬਿਠਾਇਆ ਸੀ? ਕੀ ਉਸ ਨੂੰ ਹੋਰ ਕੋਈ ਵੀ ਯੋਗ ਅਕਾਲੀ ਆਗੂ ਜਾਂ ਵਰਕਰ ਨਜ਼ਰ ਨਹੀਂ ਸੀ ਆਇਆ? ਬੇਅਦਬੀ ਦੇ ਮੁੱਦੇ ਉੱਤੇ ਸੇਖਵਾਂ ਨੂੰ ਘੇਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਜਦ ਤਕ ਅਕਾਲੀ-ਭਾਜਪਾ ਸਰਕਾਰ ਵੇਲੇ ਸੇਖਵਾਂ ਨੂੰ ਅਹੁਦਾ ਮਿਲਿਆ ਹੋਇਆ ਸੀ ਤਾਂ ਉਸ ਨੂੰ ਬੇਅਦਬੀ ਦੇ ਮੁੱਦੇ ਉੱਤੇ ਪਾਰਟੀ ਜਾਂ ਸੀਨੀਅਰ ਲੀਡਰਸ਼ਿਪ ਵਿਰੁੱਧ ਕੋਈ ਗਿਲਾ ਨਹੀਂ ਸੀ। ਕੁਰਸੀ ਖੁੱਸਦੇ ਹੀ ਸੇਖਵਾਂ ਨੂੰ ਪਾਰਟੀ ਵੀ ਗਲਤ ਲੱਗਣ ਲੱਗ ਪਈ ਅਤੇ ਸੀਨੀਅਰ ਲੀਡਰਸ਼ਿਪ ਵਿਚ ਵੀ ਨੁਕਸ ਨਜ਼ਰ ਆਉਣ ਲੱਗ ਪਏ।