ਸੂਬੇ ਦੇ ਹਰ ਪਿੰਡ ਵਿੱਚ 550 ਬੂਟੇ ਲਾਉਣ ਅਤੇ ਉਨਾਂ ਦੀ ਸੰਭਾਲ ਲਈ ਲੋੜੀਂਦੀਆਂ ਥਾਵਾਂ ’ਤੇ ਟੀ੍ ਗਾਰਡ ਲਾਏ ਜਾਣਗੇ
ਜਾਇਜ਼ਾ ਮੀਟਿੰਗ ਦੌਰਾਨ ਵਿਭਾਗ ਦੇ ਅਧਿਕਾਰੀਆਂ ਅਤੇ ਸਮੂਹ ਡੀ.ਐਫ. ਓਜ਼ ਨੂੰ ਮਿੱਥੇ ਟੀਚੇ ਸਮੇਂ ਸਿਰ ਪੂਰੇ ਕਰਨ ਦੀ ਹਦਾਇਤ
ਚੰਡੀਗੜ, 9 ਜੁਲਾਈ:
ਜੰਗਲਾਤ ਵਿਭਾਗ ਵੱਲੋਂ ਸੂਬੇ ਭਰ ਵਿੱਚ 175 ‘ਨਾਨਕ ਬਗੀਚੀਆਂ’ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੀਆਂ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਹ ਪ੍ਰਗਟਾਵਾ ਅੱਜ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡੀ.ਐਫ. ਓਜ਼ ਨਾਲ ਕੀਤੀ ਜਾਇਜ਼ਾ ਮੀਟਿੰਗ ਮਗਰੋਂ ਕੀਤਾ।
ਸ. ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਿੱਥੇ ਹਰ ਪਿੰਡ ਵਿੱਚ 550 ਬੂਟੇ ਲਾਏ ਜਾ ਰਹੇ ਹਨ, ਉੱਥੇ ਹੀ ਸੂਬੇ ਭਰ ’ਚ 175 ‘ਨਾਨਕ ਬਗੀਚੀਆਂ’ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇੱਕ ‘ਨਾਨਕ ਬਗੀਚੀ’ ਨੂੰ ਇੱਕ ਵਿਸ਼ੇਸ਼ ਥਾਂ ’ਤੇ ਮੈਡੀਸਨਲ ਅਤੇ ਵੱਖ-ਵੱਖ ਤਰਾਂ ਦੇ ਹੋਰ ਬੂਟੇ ਲਗਾ ਕੇ ਤਿਆਰ ਕੀਤਾ ਜਾਵੇਗਾ। ਇਸ ਥਾਂ ਨੂੰ ਪੌਦਿਆਂ ਦੀ ਵਿਕਾਸ ਸਮਰੱਥਾ ਅਨੁਸਾਰ ਬਰਾਬਰ ਅਨੁਪਾਤ ਵਿੱਚ ਵੰਡ ਕੇ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਹਰ ‘ਨਾਨਕ ਬਗੀਚੀ’ ਦੀ ਤਿੰਨ ਸਾਲਾਂ ਤੱਕ ਸਾਂਭ-ਸੰਭਾਲ ਕੀਤੀ ਜਾਵੇਗੀ ਤਾਂ ਜੋ ਇਹ ਬੂਟੇ ਲੰਮੇ ਸਮੇਂ ਲਈ ਜੀਵਤ ਰਹਿ ਸਕਣ। ਉਨਾਂ ਦੱਸਿਆ ਕਿ ਇੱਕ ‘ਨਾਨਕ ਬਗੀਚੀ’ ਸੁਲਤਾਨਪੁਰ ਲੋਧੀ ਵਿਖੇ ਵੀ ਤਿਆਰ ਕੀਤੀ ਜਾ ਰਹੀ ਹੈ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਹਰ ਪਿੰਡ ਵਿੱਚ 550 ਬੂਟੇ ਲਾਉਣ ਦਾ ਕਾਰਜ ਜਾਰੀ ਹੈ ਅਤੇ ਇਹ ਕਾਰਜ ਮਗਨਰੇਗਾ ਸਕੀਮ ਤਹਿਤ ਨੇਪਰੇ ਚਾੜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਕਾਰਜ 2102 ਪਿੰਡਾਂ ਵਿੱਚ ਮੁਕੰਮਲ ਹੋ ਚੁੱਕਾ ਹੈ, ਜਦਕਿ 8106 ਪਿੰਡਾਂ ਵਿੱਚ ਟੋਏ ਆਦਿ ਪੁੱਟਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਹ ਕਾਰਜ ਪੂਰਾ ਕਰਨ ਦਾ ਟੀਚਾ ਭਾਵੇਂ 30 ਸਤੰਬਰ ਮਿੱਥਿਆ ਗਿਆ ਸੀ ਪਰ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਇਹ ਕਾਰਜ 31 ਜੁਲਾਈ, 2019 ਤੱਕ ਮੁਕਮਲ ਕੀਤੇ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਸ. ਧਰਮਸੋਤ ਨੇ ਲਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਟੀ੍ ਗਾਰਡ ਤਿਆਰ ਕਰਵਾਏ ਜਾਣ ਅਤੇ ਲੋੜੀਂਦੀਆਂ ਥਾਵਾਂ ’ਤੇ ਬੂਟਿਆਂ ਨੂੰ ਜੀਵਤ ਰੱਖਣ ਤੇ ਜਾਨਵਰਾਂ ਤੋਂ ਬਚਾਉਣ ਲਈ ਟੀ੍ ਗਾਰਡਾਂ ਨਾਲ ਕਵਰ ਕੀਤਾ ਜਾਵੇ। ਉਨਾਂ ਸੂਬੇ ਦੀਆਂ ਸਮਾਜ ਸੇਵੀ ਸੰਸਥਾਵਾਂ/ ਸਮਰੱਥ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੂਬਾ ਸਰਕਾਰ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਬੂਟੇ ਲਗਾਉਣ ਦੀ ਮੁਹਿੰਮ ’ਚ ਟੀ੍ ਗਾਰਡਾਂ ਦੀ ਸੇਵਾ ਕਰਕੇ ਆਪਣਾ ਯੋਗਦਾਨ ਪਾਉਣ।
ਇਸ ਮੀਟਿੰਗ ਵਿੱਚ ਡਾ. ਰੌਸ਼ਨ ਸ਼ੁੰਕਾਰੀਆ, ਵਧੀਕ ਮੁੱਖ ਸਕੱਤਰ, ਜੰਗਲਾਤ, ਸ੍ਰੀ ਜਤਿੰਦਰ ਸ਼ਰਮਾ, ਪ੍ਰਮੁੱਖ ਮੁੱਖ ਵਣਪਾਲ, ਜੰਗਲਾਤ ਵਿਭਾਗ ਦੇ ਸਮੂਹ ਉੱਚ ਅਧਿਕਾਰੀ ਅਤੇ ਸਮੂਹ ਜ਼ਿਲਿਆਂ ਨਾਲ ਸਬੰਧਤ ਡੀ.ਐਫ. ਓਜ਼ ਹਾਜ਼ਰ ਸਨ।