ਪਟਿਆਲਾ, 24 ਅਗਸਤ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੂੰ ਮੁੜ ਲੀਹ ’ਤੇ ਲਿਆ ਕੇ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ‘ਪੰਜਾਬ ਵਿਜ਼ਨ ਡਾਕੂਮੈਂਟ’ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਬਿਹਤਰ ਸੇਵਾਵਾਂ ਸਮੇਤ ਆਰਥਿਕ ਮਜ਼ਬੂਤੀ ਲਈ ਵੀ ਰਣਨੀਤੀ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਬਿਨਾਂ ਵਾਧੂ ਟੈਕਸ ਦਾ ਬੋਝ ਪਾਇਆਂ ਟੈਕਸ ਚੋਰੀ ਰੋਕ ਕੇ ਹੀ ਪਿਛਲੇ ਵਿੱਤੀ ਸਾਲ ਦੌਰਾਨ ਸਰਕਾਰ ਨੇ ਜੀਐੱਸਟੀ ਵਿੱਚ ਪੰਜ ਹਜ਼ਾਰ ਕਰੋੜ ਦਾ ਵਾਧਾ ਕੀਤਾ ਸੀ ਅਤੇ ਇਸ ਸਾਲ ਹੋਰ ਪੰਜ ਹਜ਼ਾਰ ਕਰੋੜ ਵਸੂਲਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਦੀ ਜੀਐੱਸਟੀ ਵਸੂਲੀ 11,808 ਕਰੋੜ ਸੀ, ਜੋ 2023 ਵਿੱਚ 16,200 ਕਰੋੜ ਹੋ ਗਈ ਅਤੇ ਇਸ ਵਿੱਤੀ ਸਾਲ ਦੌਰਾਨ ਇਸ ਵਸੂਲੀ ਦਾ ਟੀਚਾ 20,509 ਕਰੋੜ ਰੱਖਿਆ ਗਿਆ ਹੈ, ਜਿਸ ਨੂੰ 21 ਹਜ਼ਾਰ ਕਰੋੜ ਦਾ ਕੀਤਾ ਜਾਵੇਗਾ। ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ‘ਜੀ-20 ਯੂਨੀਵਰਸਿਟੀ ਕੰਨੈਕਟ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਅਰਥ ਵਿਵਸਥਾ ਵਿੱਚ ਸੁਧਾਰ ਲਈ ਕੰਮ ਕਰ ਰਹੀ ਹੈ। ਹੁਣ ਪੰਜਾਬ ਵਿੱਚ ਸਾਜ਼ਗਾਰ ਮਾਹੌਲ ਹੋਣ ਸਦਕਾ ਪੰਜਾਬ ਨਿਵੇਸ਼ ਸੰਮੇਲਨ ਦੌਰਾਨ 52 ਹਜ਼ਾਰ ਕਰੋੜ ਦਾ ਨਿਵੇਸ਼ ਆਇਆ ਹੈ।
ਪ੍ਰੋਗਰਾਮ ਦੌਰਾਨ ‘ਦਿ ਰਾਈਜ਼ ਆਫ ਇੰਡੀਆ ਇਨ ਗਲੋਬਲ ਸਟੇਜ’ ਵਿਸ਼ੇ ’ਤੇ ਗੱਲ ਕਰਦਿਆਂ, ਅੰਬੈਸਡਰ ਨਵਦੀਪ ਸੂਰੀ ਨੇ ਕਿਹਾ ਕਿ ਭਾਰਤ ਨੇ ਵਿਦੇਸ਼ ਨੀਤੀ ਤਹਿਤ ਸੰਸਾਰ ਪੱਧਰ ’ਤੇ ਵੱਖਰੀ ਪਛਾਣ ਬਣਾਈ ਹੈ। ਇਸ ਮੌਕੇ ਆਰਥਿਕ ਮਾਹਿਰ ਪ੍ਰੋ. ਰਣਜੀਤ ਸਿੰਘ ਘੁੰਮਣ ਤੇ ਰਾਹੁਲ ਰੰਜਨ ਨੇ ਵੀ ਸੰਬੋਧਨ ਕੀਤਾ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਗਰਾਂਟ ਸਦਕਾ ਯੂਨੀਵਰਸਿਟੀ ਮੁੜ ਤੋਂ ਪੈਰਾਂ ਸਿਰ ਹੋ ਰਹੀ ਹੈ ਤੇ ਇਸ ਸਾਲ ਦਾਖਲਿਆਂ ਵਿੱਚ ਵੀ ਵਾਧਾ ਹੋਇਆ ਹੈ।