ਲੰਡਨ, 19 ਜੂਨ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਦੱਸਿਆ ਕਿ ਹਾਲ ਹੀ ਵਿਚ ਜਦ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਉਨ੍ਹਾਂ ਦੇ ਘਰ ‘ਡਾਊਨਿੰਗ ਸਟ੍ਰੀਟ’ ਆਏ ਸਨ ਤਾਂ ਉਨ੍ਹਾਂ ਜ਼ੈਲੇਂਸਕੀ ਨੂੰ ਆਪਣੀ ਮਾਂ ਵੱਲੋਂ ਬਣਾਈ ਬਰਫ਼ੀ ਖੁਆਈ ਸੀ। ਸੂਨਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਜ਼ੈਲੇਂਸਕੀ ਦੇ ਨਾਲ ਬਰਫ਼ੀ ਦਾ ਲੁਤਫ਼ ਲੈਂਦੇ ਹੋਏ ਨਜ਼ਰ ਆ ਰਹੇ ਹਨ। ਸੂਨਕ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਹ ਪਿਛਲੇ ਮਹੀਨੇ ਹਾਈ ਸਟ੍ਰੀਟ ਫਾਰਮੇਸੀ ਨੂੰ ਹੁਲਾਰਾ ਦੇਣ ਨਾਲ ਸਬੰਧਤ ‘ਐੱਨਐਚਐੱਸ’ ਦੀ ਨਵੀਂ ਸਰਕਾਰੀ ਯੋਜਨਾ ਦੀ ਸ਼ੁਰੂਆਤ ਕਰਨ ਕੁਝ ਦੇਰ ਲਈ ਸਾਊਥੈਂਪਟਨ ਗਏ ਸਨ। ਉਨ੍ਹਾਂ ਕਿਹਾ, ‘ਮੈਂ ਆਪਣੇ ਮਾਤਾ-ਪਿਤਾ ਨੂੰ ਇਹ ਨਹੀਂ ਦੱਸਿਆ ਕਿ ਮੈਂ ਸਾਊਥੈਂਪਟਨ ਆਇਆ ਹਾਂ। ਜਦ ਮੇਰੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਨਾਰਾਜ਼ ਹੋਈ ਕਿਉਂਕਿ ਉਨ੍ਹਾਂ ਮੇਰੇ ਲਈ ਬਰਫੀ ਬਣਾ ਕੇ ਰੱਖੀ ਸੀ। ਹਾਲਾਂਕਿ ਬਾਅਦ ਵਿਚ ਇਕ ਫੁਟਬਾਲ ਮੈਚ ਦੌਰਾਨ ਉਨ੍ਹਾਂ ਮੈਨੂੰ ਬਰਫੀ ਦਿੱਤੀ।’ ਸੂਨਕ ਨੇ ਕਿਹਾ ਕਿ ਇਤਫ਼ਾਕ ਨਾਲ ਉਨ੍ਹਾਂ ਦਿਨਾਂ ਵਿਚ ਰਾਸ਼ਟਰਪਤੀ ਜ਼ੈਲੇਂਸਕੀ ਉਨ੍ਹਾਂ ਨੂੰ ਮਿਲਣ ਆਏ ਸਨ ਤੇ ਉਨ੍ਹਾਂ ਗੱਲਬਾਤ ਕੀਤੀ। ਸੂਨਕ ਨੇ ਕਿਹਾ ਕਿ ਜ਼ੇਲੈਂਸਕੀ ਭੁੱਖ ਲੱਗੀ ਹੋਈ ਸੀ ਤੇ ਉਨ੍ਹਾਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਉਸੇ ਵੇਲੇ ਮਾਂ ਦੀ ਬਣਾਈ ਬਰਫੀ ਖੁਆਈ। ਯੂਕੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਾਰੇ ਜਾਣ ਕੇ ਉਨ੍ਹਾਂ ਦੀ ਮਾਂ ਵੀ ਬਹੁਤ ਖੁਸ਼ ਹੋਈ। ਜ਼ਿਕਰਯੋਗ ਹੈ ਕਿ ਜ਼ੈਲੇਂਸਕੀ ਮਈ ਦੀ ਸ਼ੁਰੂਆਤ ਵਿਚ ਬਰਤਾਨੀਆ ਆਏ ਸਨ।