ਨਵੀਂ ਦਿੱਲੀ, 25 ਅਪਰੈਲ

ਹਿੰਸਾਗ੍ਰਸਤ ਦੇਸ਼ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ‘ਆਪ੍ਰੇਸ਼ਨ ਕਾਵੇਰੀ’ ਤਹਿਤ ਭਾਰਤੀਆਂ ਦਾ ਪਹਿਲਾ ਜਥਾ ਆਈਐੱਨਐੱਸ ਸੁਮੇਧਾ ’ਤੇ ਸਵਾਰ ਹੋ ਕੇ ਉੱਥੋਂ ਜੈਧਾ ਲਈ ਰਵਾਨਾ ਹੋ ਗਿਆ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਦਾ ਸਮੁੰਦਰੀ ਜਹਾਜ਼ 278 ਵਿਅਕਤੀਆਂ ਨੂੰ ਲੈ ਕੇ ਸੂਡਾਨ ਦੇ ਬੰਦਰਗਾਹ ਤੋਂ ਸਾਊਦੀ ਅਰਬ ਦੇ ਸ਼ਹਿਰ ਜੈਧਾ ਲਈ ਰਵਾਨਾ ਹੋਇਆ। ਬਾਗਚੀ ਨੇ ਟਵੀਟ ਕੀਤਾ, ‘‘ਆਪ੍ਰੇਸ਼ਨ ਕਾਵੇਰੀ ਤਹਿਤ ਸੂਡਾਨ ’ਚ ਫਸੇ ਭਾਰਤੀਆਂ ਦਾ ਪਹਿਲਾ ਜਥਾ ਰਵਾਨਾ ਹੋ ਗਿਆ।’’ ਜ਼ਿਕਰਯੋਗ ਹੈ ਕਿ ਭਾਰਤ ਨੇ ਹਿੰਸਾਗ੍ਰਸਤ ਸੂਡਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਸੋਮਵਾਰ ਨੂੰ ‘ਆਪ੍ਰੇਸ਼ਨ ਕਾਵੇਰੀ’ ਸ਼ੁਰੂ ਕੀਤਾ ਸੀ। ਸੂਡਾਨ ਵਿੱਚ ਫ਼ੌਜ ਤੇ ਨੀਮ ਫ਼ੌਜ ਬਲਾਂ ਦੇ ਸਮੂਹ ਵਿਚਾਲੇ ਸੱਤਾ ਹਾਸਲ ਕਰਨ ਲਈ ਜੰਗ ਜਾਰੀ ਹੈ।