ਜਤਿੰਦਰ ਮੋਹਨ
ਇੱਕ ਦਿਨ ਦੀ ਗੱਲ ਹੈ ਕਿ ਮੈਨੂੰ ਸੁੰਦਰਪੁਰ ਪਿੰਡ ਜਾਣ ਦਾ ਮੌਕਾ ਮਿਲਿਆ। ਇਹ ਪਿੰਡ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਸੀ। ਪਿੰਡ ਦੀ ਸਾਫ਼ ਸਫ਼ਾਈ ਦੇਖ ਕੇ ਮੇਰਾ ਮਨ ਇੰਨਾ ਖ਼ੁਸ਼ ਹੋਇਆ ਕਿ ਮੈਂ ਪਿੰਡ ਦੀ ਸਫ਼ਾਈ ਬਾਰੇ ਜਾਣਨਾ ਚਾਹਿਆ। ਮੈਂ ਇੱਕ ਬਜ਼ੁਰਗ ਕੋਲ ਬੈਠ ਗਿਆ ਤੇ ਉਸ ਨਾਲ ਗੱਲਬਾਤ ਕਰਨ ਲੱਗਾ। ਬਜ਼ੁਰਗ ਨੇ ਦੱਸਿਆ ਕਿ ਇਹ ਸਾਰਾ ਕੰਮ ਪਿੰਡ ਦੇ ਬਾਲਾਂ ਦਾ ਹੈ।
ਬਜ਼ੁਰਗ ਨੇ ਦੱਸਿਆ ਕਿ ਇੱਕ ਦਿਨ ਪਿੰਡ ਦੇ ਬਾਲ ਇਕੱਠੇ ਹੋਏ ਤੇ ਉਸ ਨੂੰ ਸਭਾ ਦਾ ਰੂਪ ਦੇ ਕੇ ਗੱਲਬਾਤ ਕਰਨ ਲੱਗੇ। ਇਨ੍ਹਾਂ ਬਾਲਾਂ ਦੀ ਉਮਰ 9 ਤੋਂ 17 ਸਾਲਾਂ ਸੀ। ਇਸ ਇਕੱਤਰਤਾ ਵਿੱਚ ਉਹ ਪਿੰਡ ਦੀ ਭਲਾਈ ਲਈ ਕੰਮ ਕਰਨ ਲਈ ਇੱਕ ਦੂਜੇ ਦੀ ਸਲਾਹ ਲੈਣ ਲੱਗੇ। ਇਨ੍ਹਾਂ ਵਿੱਚੋਂ ਇੱਕ ਬੱਚਾ ਰਮੇਸ਼ ਕਹਿਣ ਲੱਗਾ,‘‘ਸਾਥੀਓ! ਸਾਨੂੰ ਪਿੰਡ ਵਿੱਚ ਅਜਿਹੇ ਕੰਮ ਕਰਨੇ ਚਾਹੀਦੇ ਹਨ ਤਾਂ ਕਿ ਜਿਸ ਨਾਲ ਸਾਰੇ ਪਿੰਡ ਦੀ ਇੱਜ਼ਤ ਵਧੇ।’’
ਇਹ ਗੱਲ ਸੁਣ ਕੇ ਸਾਰੇ ਬੱਚੇ ਸੋਚਣ ਲੱਗੇ। ਸਭ ਦੇ ਦਿਮਾਗ਼ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਣ ਲੱਗੇ। ਕਿਸੇ ਨੇ ਕੋਈ ਸਲਾਹ ਦਿੱਤੀ, ਕਿਸੇ ਨੇ ਕੋਈ। ਅਖ਼ੀਰ ਸੁਰਿੰਦਰ ਨੇ ਕਿਹਾ, ‘‘ਸਾਥੀਓ, ਆਪਣੇ ਪਿੰਡ ਦੀ ਸਫ਼ਾਈ ਦਾ ਬਹੁਤ ਬੁਰਾ ਹਾਲ ਐ।’’
‘‘ਹਾਂ।’’ ਸਾਰੇ ਬੱਚੇ ਇਕਸੁਰ ਬੋਲੇ।
‘‘ਪਿੰਡ ਵਿੱਚ ਥਾਂ ਥਾਂ ਕੂੜੇ ਦੇ ਢੇਰ ਲੱਗੇ ਪਏ ਹਨ। ਪਲਾਸਟਿਕ ਤੇ ਪੋਲੀਥੀਨ ਦੇ ਲਿਫ਼ਾਫ਼ੇ ਗਲਦੇ ਨਹੀਂ ਬਲਕਿ ਵਾਤਾਵਰਨ ਖ਼ਰਾਬ ਕਰਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਇਹ ਨਾਲੀਆਂ ਵਿੱਚ ਲੱਗ ਜਾਂਦੇ ਹਨ ਤੇ ਪਾਣੀ ਉੱਛਲ ਕੇ ਸੜਕਾਂ ’ਤੇ ਆ ਜਾਂਦਾ ਹੈ।’’
‘‘ਹਾਂ, ਇਹ ਗੱਲ ਸੱਚੀ ਹੈ।’’ ਅਨੀਤਾ ਬੋਲੀ।
‘‘ਇਸ ਨਾਲ ਸੜਕ ਟੁੱਟਦੀ ਹੈ। ਪਾਣੀ ਖੜ੍ਹਨ ਨਾਲ ਮੱਛਰ ਪੈਦਾ ਹੁੰਦਾ ਹੈ ਤੇ ਹੋਰ ਬਿਮਾਰੀਆਂ ਵਧਦੀਆਂ ਹਨ।’’
ਮੂਰਤੀ ਨੇ ਕਿਹਾ।
‘‘ਹੋਰ ਤਾਂ ਹੋਰ, ਜਦੋਂ ਹਨੇਰੀ ਆਉਂਦੀ ਹੈ ਤਾਂ ਲਿਫ਼ਾਫ਼ੇ ਉੱਡ ਉੱਡ ਕੇ ਸਾਡੇ ਮੂੰਹ ’ਤੇ ਆ ਕੇ ਵੱਜਦੇ ਹਨ।’’ ਨਰਿੰਦਰ ਦੀ ਗੱਲ ਸੁਣ ਕੇ ਸਾਰੇ ਬੱਚੇ ਹੱਸ ਪਏ।
ਸਭ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਅਖੀਰ ਵਿੱਚ ਰਮੇਸ਼ ਨੇ ਕਿਹਾ, ‘‘ਸਾਥੀਓ, ਸਾਨੂੰ ਕੁਝ ਕਰਨਾ ਚਾਹੀਦਾ ਹੈ।’’
‘‘ਕੀ?’’ ਸਭ ਨੇ ਪੁੱਛਿਆ।
‘‘ਸਾਨੂੰ ਪੋਲੀਥੀਨ ਦੇ ਲਿਫ਼ਾਫ਼ੇ ਬੰਦ ਕਰਨੇ ਪੈਣਗੇ।’’
‘‘ਕਿਵੇਂ?’’
‘‘ਸਾਨੂੰ ਦੁਕਾਨਦਾਰਾਂ ਦੀ ਸ਼ਿਕਾਇਤ ਕਰਨੀ ਪਵੇਗੀ।’’ ਵਿੱਚੋਂ ਹੀ ਆਵਾਜ਼ ਆਈ।
‘‘ਨਹੀਂ, ਅਸੀਂ ਕਿਸੇ ਨਾਲ ਲੜਨਾ ਨਹੀਂ। ਅਸੀਂ ਸ਼ਹਿਰੋਂ ਜਾਂ ਪਿੰਡੋਂ ਸਾਮਾਨ ਲਿਆਉਣ ਲਈ ਝੋਲਿਆਂ ਜਾਂ ਥੈਲਿਆਂ ਦੀ ਵਰਤੋਂ ਕਰਾਂਗੇ।’’
‘‘ਹਾਂ, ਇਹ ਗੱਲ ਠੀਕ ਐ।’’
‘‘ਪਰ ਸਾਨੂੰ ਦੁਕਾਨਦਾਰਾਂ ਨਾਲ ਬਹਿਸਣਾ ਚਾਹੀਦਾ ਹੈ।’’ ਬਲਵੀਰ ਬੋਲਿਆ।
‘‘ਨਹੀਂ, ਛੋਟੇ ਵੀਰ, ਅਸੀਂ ਦੁਕਾਨਦਾਰਾਂ ਨਾਲ ਬਹਿਸ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ। ਪਹਿਲਾਂ ਅਸੀਂ ਆਪਣੇ ਆਪ ਤੋਂ, ਆਪਣੇ ਘਰ ਤੋਂ ਤੇ ਫੇਰ ਗੁਆਂਢੀਆਂ ਤੋਂ ਸੁਧਾਰ ਕਰਨਾ ਸ਼ੁਰੂ ਕਰੀਏ ਫੇਰ ਅੱਗੇ ਵਧਾਂਗੇ।’’
‘‘ਇਹ ਦੁਕਾਨਦਾਰ ਤਾਂ ਨਹੀਂ ਸੁਧਰਨਗੇ।’’
‘‘ਇਹ ਵੀ ਸੁਧਰ ਜਾਣਗੇ ਜਦੋਂ ਅਸੀਂ ਲਿਫ਼ਾਫ਼ੇ ਲਿਆਉਣੇ ਬੰਦ ਕਰ ਦਿੱਤੇ।’’
‘‘ਹਾਂ, ਇਹ ਗੱਲ ਠੀਕ ਐ।’’
ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਬੱਚੇ ਕੂੜੇ ਦੇ ਢੇਰਾਂ ਬਾਰੇ ਸੋਚਣ ਲੱਗੇ। ਕੁਝ ਸੋਚ ਕੇ ਰਹਿਮਾਨ ਨੇ ਕਿਹਾ, ‘‘ਸਾਨੂੰ ਇਹ ਕੂੜਾ ਇਕੱਠਾ ਕਰਨਾ ਚਾਹੀਦਾ ਹੈ।’’
‘‘ਕਿਵੇਂ?’’
‘‘ਹਫ਼ਤੇ ਦੇ ਵਿੱਚ ਐਤਵਾਰ ਦੀ ਛੁੱਟੀ ਵਾਲੇ ਦਿਨ ਸਾਨੂੰ ਦੋ ਘੰਟੇ ਪਿੰਡ ਦੀ ਸੇਵਾ ਵਿੱਚ ਲਾਉਣੇ ਚਾਹੀਦੇ ਹਨ।’’
‘‘ਹਾਂ ਹਾਂ।’’ ਸਾਰੇ ਰਹਿਮਾਨ ਨਾਲ ਸਹਿਮਤ ਸਨ।
‘‘ਇਹ ਸ਼ੁਭ ਕੰਮ ਕਦੋਂ ਸ਼ੁਰੂ ਕੀਤਾ ਜਾਵੇ?’’ ਸੁਰਿੰਦਰ ਨੇ ਪੁੱਛਿਆ।
‘‘ਅੱਜ ਤੋਂ ਹੀ, ਕਿਉਂਕਿ ਅੱਜ ਐਤਵਾਰ ਹੈ।’’
‘‘ਹਾਂ, ਪਰ…।’’
‘‘ਪਰ ਕੀ ਰਮੇਸ਼?’’ ਸੁਰਿੰਦਰ ਨੇ ਪੁੱਛਿਆ।
‘‘ਪਰ ਅਸੀਂ ਕੂੜੇ ਨੂੰ ਕਿਵੇਂ ਨਿਪਟਾਵਾਂਗੇ?’’
‘‘ਅਸੀਂ ਰੇਹ (ਖਾਦ) ਵਾਲੇ ਗੱਟੇ/ਕੱਟੇ(ਛੋਟੀ ਬੋਰੀ) ਲਿਫ਼ਾਫ਼ਿਆਂ ਨਾਲ ਭਰ ਭਰ ਕੇ ਅੱਗ ਲਾ ਦਿਆਂਗੇ।’’ ਅਨੀਤਾ ਬੋਲੀ।
‘‘ਨਹੀਂ, ਇਸ ਨਾਲ ਵਾਤਾਵਰਨ ਗੰਦਾ ਹੋਵੇਗਾ।’’
‘‘ਫੇਰ ਕੀ ਕਰਾਂਗੇ?’’ ਵਿੱਚੋਂ ਇੱਕ ਨੇ ਪੁੱਛਿਆ।
‘‘ਅਸੀਂ ਇਸ ਇਕੱਠੇ ਕੀਤੇ ਢੇਰ ਨੂੰ ਚੁੱਕਣ ਲਈ ਡੀ.ਸੀ. ਸਾਹਿਬ ਨੂੰ ਪੱਤਰ ਲਿਖਾਂਗੇ।’’
‘‘ਹਾਂ, ਇਹ ਠੀਕ ਐ।’’
ਉਸ ਦਿਨ ਬੱਚਿਆਂ ਨੇ ਸਫ਼ਾਈ ਅਭਿਆਨ ਚਲਾ ਦਿੱਤਾ। ਬੱਚੇ ਪਲਾਸਟਿਕ ਦੇ ਕਚਰੇ ਤੇ ਲਿਫ਼ਾਫ਼ਿਆਂ ਨੂੰ ਗੱਟਿਆਂ ਵਿੱਚ ਭਰਨ ਲੱਗੇ। ਕੁਝ ਮੂਰਖ ਲੋਕ ਉਨ੍ਹਾਂ ਵੱਲ ਦੇਖ ਕੇ ਹੱਸਣ ਲੱਗੇ। ਇੱਕ ਮੂਰਖ ਨੇ ਤਾਂ ਇਹ ਵੀ ਕਿਹਾ, ‘‘ਆਹ ਨਵੇਂ ਜਮਾਂਦਾਰ ਕਦੋਂ ਭਰਤੀ ਹੋ ਗਏ।’’
ਉਸ ਦੀ ਗੱਲ ਸੁਣ ਕੇ ਅਨੀਤਾ ਨੂੰ ਗੁੱਸਾ ਆ ਗਿਆ। ਉਹ ਕੁੱਝ ਬੋਲਣ ਹੀ ਲੱਗੀ ਸੀ ਤਾਂ ਹਰਮਨ ਨੇ ਉਸ ਨੂੰ ਸਮਝਾਉਂਦਿਆਂ ਕਿਹਾ, ‘‘ਸਾਨੂੰ ਕਿਸੇ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ।’’
ਉਨ੍ਹਾਂ ਦਾ ਕੰਮ ਦੇਖ ਕੇ ਬਹੁਤੇ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਦੋ ਕੁ ਘੰਟਿਆਂ ਵਿੱਚ ਉਨ੍ਹਾਂ ਨੇ ਕੁਝ ਇਲਾਕਾ ਪਲਾਸਟਿਕ ਤੇ ਪੋਲੀਥੀਨ ਮੁਕਤ ਕਰ ਦਿੱਤਾ।
ਇਹ ਖ਼ਬਰ ਪਿੰਡ ਦੀ ਪੰਚਾਇਤ ਤੱਕ ਵੀ ਪਹੁੰਚ ਗਈ। ਪਿੰਡ ਦਾ ਸਰਪੰਚ ਤੇ ਇੱਕ ਸੀਨੀਅਰ ਮੈਂਬਰ ਉਨ੍ਹਾਂ ਦੇ ਕੰਮ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਆਪਣੇ ਆਪ ’ਤੇ ਸ਼ਰਮ ਮਹਿਸੂਸ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਸਹਾਇਤਾ ਦਾ ਵਚਨ ਦਿੱਤਾ ਕੁਝ ਹੀ ਦਿਨਾਂ ਵਿੱਚ ਪਿੰਡ ਦੀ ਨੁਹਾਰ ਬਦਲ ਗਈ।
ਸੁੰਦਰਪੁਰ ਦੀ ਕਹਾਣੀ ਸੁਣ ਕੇ ਮੇਰਾ ਮਨ ਕਹਿਣ ਲੱਗਾ, ‘‘ਕਾਸ਼! ਸਾਰੇ ਪਿੰਡ ਸੁੰਦਰਪੁਰ ਬਣ ਜਾਣ।’’