ਨਵੀਂ ਦਿੱਲੀ,
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਉਭਰਦੇ ਪਹਿਲਵਾਨ ਸਾਗਰ ਧਨਖੜ ਦੇ ਕਤਲ ਮਾਮਲੇ ਵਿੱਚ ਹੋਰ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਵਿੱਚ ਹੈ ਅਤੇ ਇਸ ਦੀ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ। ਦਿੱਲੀ ਪੁਲੀਸ ਵੱਲੋਂ ਦੋ ਵਾਰ ਦੇ ਉਲੰਪਿਕ ਤਮਗ਼ਾ ਜੇਤੂ ਸੁਸ਼ੀਲ ਕੁਮਾਰ ਨੂੰ ਅੱਜ ਹਰਿਦੁਆਰ ਦੀਆਂ ਦੋ-ਤਿੰਨ ਥਾਵਾਂ ’ਤੇ ਲਿਜਾਇਆ ਗਿਆ, ਜਿੱਥੇ ਉਸ ਦਾ ਮੋਬਾਈਲ ਫੋਨ ਤੇ ਸਬੂਤ ਛੁਪਾਏ ਹੋਣ ਦਾ ਸ਼ੱਕ ਸੀ। ਪੁਲੀਸ ਸੁਸ਼ੀਲ ਦਾ ਮੋਬਾਈਲ ਫੋਨ ਤੇ ਖ਼ੂਨ ਨਾਲ ਲਿਬੜੇ ਕੱਪੜੇ ਬਰਾਮਦ ਕਰਨ ਵਿੱਚ ਨਾਕਾਮ ਰਹੀ। ਉਹ ਕੱਪੜੇ ਵਾਰਦਾਤ ਵਾਲੀ ਰਾਤ ਨੂੰ ਸੁਸ਼ੀਲ ਨੇ ਕਥਿਤ ਤੌਰ ’ਤੇ ਪਹਿਨੇ ਹੋਏ ਸਨ। ਅਧਿਕਾਰੀਆਂ ਮੁਤਾਬਕ, ਪੁਲੀਸ ਟੀਮ ਨੂੰ ਉਮੀਦ ਸੀ, ਉਹ ਮੋਬਾਈਲ ਫੋਨ ਤੇ ਕੱਪੜੇ ਬਰਾਮਦ ਕਰ ਲਵੇਗੀ, ਪਰ ਕੁੱਝ ਵੀ ਹੱਥ ਨਹੀਂ ਲੱਗਿਆ। ਸੂਤਰਾਂ ਅਨੁਸਾਰ, ਪੁਲੀਸ ਹੁਣ ਉਲੰਪੀਅਨ ਸੁਸ਼ੀਲ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 201 (ਸਬੂਤ ਨਸ਼ਟ ਕਰਨਾ) ਤਹਿਤ ਮਾਮਲਾ ਦਰਜ ਕਰਨ ਜਾ ਰਹੀ ਹੈ। ਸੁਸ਼ੀਲ ਪੁਲੀਸ ਰਿਮਾਂਡ ’ਤੇ ਚੱਲ ਰਿਹਾ ਹੈ।