ਮੁੰਬਈ, 19 ਜੂਨ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ (14 ਜੂਨ) ਨੂੰ ਬਾਂਦਰਾ ਵਿੱਚ ਆਪਣੇ ਅਪਾਰਟਮੈਂਟ ਵਿੱਚ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਦੋਸਤ ਅਤੇ ਅਦਾਕਾਰ ਮਹੇਸ਼ ਸ਼ੈੱਟੀ ਨੂੰ ਆਖਰੀ ਵਾਰ ਫੋਨ ਕੀਤਾ। ਮਹੇਸ਼ ਸ਼ੈੱਟੀ ਅਤੇ ਸੁਸ਼ਾਂਤ ਦੋਵਾਂ ਨੇ ਟੀਵੀ ਸ਼ੋਅ ‘ਪਵਿਤਰ ਰਿਸ਼ਤਾ’ ‘ਚ ਇਕੱਠੇ ਕੰਮ ਕੀਤਾ ਹੈ। ਸੁਸ਼ਾਂਤ ਨੇ ਸਵੇਰੇ 1.51 ਵਜੇ ਮਹੇਸ਼ ਨੂੰ ਫੋਨ ਕੀਤਾ ਪਰ ਮਹੇਸ਼ ਨੇ ਫੋਨ ਨਹੀਂ ਚੁੱਕਿਆ। ਮਹੇਸ਼ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੇ ਸਵੇਰੇ 8.30 ਵਜੇ ਸੁਸ਼ਾਂਤ ਨੂੰ ਕਾਲਬੈਕ ਕੀਤੀ ਪਰ ਸੁਸ਼ਾਂਤ ਨੇ ਫੋਨ ਨਹੀਂ ਚੁੱਕਿਆ। ਮਹੇਸ਼ ਨੇ ਸੋਚਿਆ ਕਿ ਸੁਸ਼ਾਂਤ ਬਾਅਦ ਵਿਚ ਫ਼ੋਨ ਕਰੇਗਾ ਪਰ ਇਸ ਤੋਂ ਬਾਅਦ ਮਹੇਸ਼ ਨੂੰ ਸੁਸ਼ਾਂਤ ਦੀ ਖ਼ੁਦਕੁਸ਼ੀ ਦੀ ਖ਼ਬਰ ਮਿਲੀ। ਮਹੇਸ਼ ਨੇ ਆਪਣੀ ਅਤੇ ਸੁਸ਼ਾਂਤ ਦੀ ਕਾਲੀ-ਚਿੱਟੀ ਫੋਟੋ ਸਾਂਝੀ ਕੀਤੀ ਹੈ। ਸੁਸ਼ਾਂਤ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ ਪਰ ਮੁੰਬਈ ਪੁਲੀਸ ਦੇ ਸੂਤਰ ਦੱਸਦੇ ਹਨ ਕਿ ਉਸਦੇ ਫਲੈਟ ਵਿਚੋਂ ਕੁਝ ਦਵਾਈਆਂ ਮਿਲੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਉਦਾਸੀ ਦਾ ਇਲਾਜ ਕਰਵਾ ਰਿਹਾ ਸੀ।