ਨਵੀਂ ਦਿੱਲੀ, 5 ਅਗਸਤ
ਕਸ਼ਮੀਰ ਵਾਦੀ ਦੀ ਮੌਜੂਦਾ ਸੁਰੱਖਿਆ ਸਥਿਤੀ ਨੂੰ ਵੇਖਦਿਆਂ ਸ੍ਰੀਨਗਰ ਵਿੱਚ ਚੱਲ ਰਹੇ ਅੰਡਰ-16 ਅਤੇ ਅੰਡਰ-19 ਟਰਾਇਲ ਹਾਲ ਦੀ ਘੜੀ ਰੱਦ ਕਰ ਦਿੱਤੇ ਗਏ ਹਨ ਅਤੇ ਜੰਮੂ-ਕਸ਼ਮੀਰ ਰਾਜ ਕ੍ਰਿਕਟ ਟੀਮਾਂ ਦੇ ‘ਮੈਂਟਰ’ ਸਾਬਕਾ ਭਾਰਤੀ ਹਰਫ਼ਨਮੌਲਾ ਇਰਫ਼ਾਨ ਪਠਾਨ ਅਤੇ ਟਰਾਇਲ ਲਈ ਆਏ ਖਿਡਾਰੀ ਆਪਣੇ ਘਰਾਂ ਨੂੰ ਪਰਤ ਗਏ ਹਨ। ਸੂਬਾ ਪ੍ਰਸ਼ਾਸਨ ਨੇ ਸਾਰੇ ਸੈਲਾਨੀਆਂ ਅਤੇ ਅਮਰਨਾਥ ਯਾਤਰੀਆਂ ਨੂੰ ਸੰਭਾਵਿਤ ਅਤਿਵਾਦੀ ਹਮਲੇ ਦੇ ਮਦੇਨਜ਼ਰ ਵਾਦੀ ਛੱਡਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਪਠਾਨ ਅੰਡਰ-16 (ਵਿਜੈ ਮਰਚੈਂਟ ਟਰਾਫ਼ੀ) ਅਤੇ ਅੰਡਰ-19 (ਕੂਚਬਿਹਾਰ ਟਰਾਫ਼ੀ) ਦੇ ਟਰਾਇਲ ਨੂੰ ਵੇਖਣ ਅਤੇ ਸੰਭਾਵਿਤ ਖਿਡਾਰੀਆਂ ਦੀ ਸੂਚੀ ਤਆਰ ਕਰਨ ਲਈ ਸ੍ਰੀਨਗਰ ਵਿੱਚ ਸੀ।
ਪਠਾਨ ਨੇ ਅੱਜ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਅਸੀਂ ਇਸ ਸਮੇਂ ਜੂਨੀਅਰ ਟੀਮ ਟਰਾਇਲ ਦਾ ਦੂਜਾ ਗੇੜ ਮੁਲਤਵੀ ਕਰ ਦਿੱਤਾ ਹੈ। ਸਾਡਾ ਪਹਿਲਾ ਗੇੜ ਜੂਨ ਅਤੇ ਜੁਲਾਈ ਵਿੱਚ ਚੱਲਿਆ ਸੀ। ਇਹ ਦੂਜਾ ਗੇੜ ਸੀ। ਸਰਕਾਰ ਵੱਲੋਂ ਸਰਕੂਲਰ ਜਾਰੀ ਹੋਇਆ ਹੈ ਅਤੇ ਇਸ ਲਈ ਮੈਂ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀਏ) ਸੀਈਓ ਬੁਖ਼ਾਰੀ ਅਤੇ ਪ੍ਰਸ਼ਾਸਕ ਜਸਟਿਸ ਪ੍ਰਸਾਦ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਲੜਕਿਆਂ ਨੂੰ ਵਾਪਸ ਘਰ ਭੇਜਣ ਦਾ ਫ਼ੈਸਲਾ ਕੀਤਾ ਗਿਆ।’’ ਸਾਰੇ ਲੜਕਿਆਂ ਦੇ ਆਪਣੇ ਘਰ ਪਹੁੰਚਣ ਮਗਰੋਂ ਹੀ ਪਠਾਨ ਸ੍ਰੀਨਗਰ ਤੋਂ ਰਵਾਨਾ ਹੋਇਆ।
ਉਸ ਨੇ ਕਿਹਾ, ‘‘ਮੈਂ ਖ਼ੁਦ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਉਹ ਸੁਰੱਖਿਅਤ ਆਪਣੇ ਘਰ ਪਹੁੰਚ ਜਾਣ। ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਦੇ ਮਾਤਾ-ਪਿਤਾ ਪ੍ਰੇਸ਼ਾਨ ਸਨ ਅਤੇ ਇਹ ਲਾਜ਼ਮੀ ਹੈ। ਮੈਂ ਉਨ੍ਹਾਂ ਵਿੱਚੋਂ ਕੁੱਝ ਨੂੰ ਫੋਨ ’ਤੇ ਗੱਲ ਕਰਕੇ ਉਨ੍ਹਾਂ ਦੇ ਘਰ ਪਹੁੰਚਣ ਦੀ ਪੁਸ਼ਟੀ ਕੀਤੀ। ਹੁਣ ਜਦ ਸਾਰੇ ਆਪਣੇ ਘਰ ਪਹੁੰਚ ਗਏ ਤਾਂ ਮੈਂ ਅੱਜ ਰਵਾਨਾ ਹੋ ਗਿਆ।’’ ਪਠਾਨ ਨੇ ਸਵੀਕਾਰ ਕੀਤਾ ਕਿ ਮੌਜੂਦਾ ਹਾਲਾਤ ਕਾਰਨ ਸਿਖਲਾਈ ਪ੍ਰੋਗਰਾਮ ਪ੍ਰਭਾਵਿਤ ਹੋਇਆ ਹੈ, ਪਰ ਉਮੀਦ ਪ੍ਰਗਟਾਈ ਕਿ ਛੇਤੀ ਹੀ ਹਾਲਾਤ ਆਮ ਵਾਂਗ ਹੋ ਜਾਣਗੇ।