ਮੁੰਬਈ, 23 ਨਵੰਬਰ

ਅਦਾਕਾਰ ਸੁਮੀਤ ਵਿਆਸ ਨੇ ਦੱਸਿਆ ਕਿ ਉਸ ਨੂੰ ਕਰੀਨਾ ਕਪੂਰ ਦਾ ਪ੍ਰਸਿੱਧੀ ਕਾਇਮ ਰੱਖਣ ਦਾ ਰਾਜ਼ ਪਤਾ ਹੈ। 2018 ਵਿੱਚ ਰਿਲੀਜ਼ ਹੋਈ ਫਿਲਮ ‘ਵੀਰੇ ਦੀ ਵੈਡਿੰਗ’ ਵਿੱਚ ਕੰਮ ਕਰਨ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਬੌਲੀਵੁੱਡ ਅਦਾਕਾਰਾ ਇੰਨੇ ਸਾਲਾਂ ਤੋਂ ਆਪਣੀ ਪ੍ਰਸਿੱਧੀ ਕਿਵੇਂ ਕਾਇਮ ਰੱਖ ਸਕੀ ਹੈ।

ਉਸ ਨੇ ਕਿਹਾ ਪ੍ਰਸਿੱਧ ਹੋਇਆ ਜਾ ਸਕਦਾ ਹੈ ਪਰ ਇਸ ਪ੍ਰਸਿੱਧੀ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣਾ ਔਖਾ ਹੈ। ਜਦੋਂ ਤੱਕ ਕੋਈ ਆਪਣੇ ਕੰਮ ਪ੍ਰਤੀ ਵਫ਼ਾਦਾਰ ਨਹੀਂ ਹੁੰਦਾ ਅਤੇ ਉਸ ਲਈ ਮਿਹਨਤ ਨਹੀਂ ਕਰਦਾ, ਉਦੋਂ ਤੱਕ ਇਸ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਸ ਨੇ ਦੱਸਿਆ ਕਿ ਕਰੀਨਾ ਨਾਲ ਕੰਮ ਕਰਕੇ ਉਸ ਨੂੰ ਇਸ ਰਾਜ਼ ਦਾ ਪਤਾ ਲੱਗਿਆ ਹੈ। ਤਾਲਾਬੰਦੀ ਦੌਰਾਨ ਸ਼ੂਟ ਹੋਈ ਵੈੱਬ ਸੀਰੀਜ਼ ‘ਵਕਾਲਤ ਫਰੌਮ ਹੋਮ’ ਦਾ ਤਜਰਬਾ ਸਾਂਝਾ ਕਰਦਿਆਂ ਉਸ ਨੇ ਦੱਸਿਆ ਕਿ ਫੋਨ ’ਤੇ ਫੁਟੇਜ ਰਿਕਾਰਡ ਕੀਤੀ ਗਈ ਅਤੇ ਲੈਪਟਾਪ ਰਾਹੀਂ ਸਾਰੀ ਟੀਮ ਨੇ ਰਾਬਤਾ ਬਣਾਇਆ ਹੋਇਆ ਸੀ। ਉਸ ਨੇ ਦੱਸਿਆ ਕਿ ਸੀਰੀਜ਼ ਦੇ ਸਾਰੇ ਸੀਨ ਥੀਏਟਰ ਵਾਂਗ ਇੱਕ ਹੀ ਵਾਰੀ ਵਿੱਚ ਰਿਕਾਰਡ ਕੀਤੇ ਗਏ ਹਨ।