ਚੰਡੀਗੜ੍ਹ 14 ਜਨਵਰੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਦਾ ਹੱਲ ਕੱਢਣ ਲਈ ਕਮੇਟੀ ਬਣਾਉਣ ਵਾਲਾ ਫ਼ੈਸਲਾ ਗੈਰ-ਭਰੋਸੇਯੋਗ ਅਤੇ ਪੱਖਪਾਤੀ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵਿੱਚ ਸ਼ਾਮਲ ਵਿਅਕਤੀਆਂ ’ਤੇ ਕਿਸਾਨਾਂ ਨੂੰ ਭਰੋਸਾ ਨਹੀਂ। ਕਮੇਟੀ ਵਿੱਚ ਸ਼ਾਮਲ ਸਾਰੇ ਹੀ ਵਿਅਕਤੀ ਖੇਤੀ ਕਾਨੂੰਨਾਂ ਸਬੰਧੀ ਸਰਕਾਰ ਦੇ ਪੱਖ ਵਿੱਚ ਭੁਗਤ ਚੁੱਕੇ ਹਨ, ਇਸ ਲਈ ਅਜਿਹੀ ਕਮੇਟੀ ਤੋਂ ਦੇਸ਼ ਦੇ ਕਿਸਾਨਾਂ ਨੂੰ ਇਨਸਾਫ਼ ਦੀ ਆਸ ਨਹੀਂ, ਜੋ ਪਹਿਲਾਂ ਹੀ ਸਰਕਾਰ ਦੀ ਬੋਲੀ ਬੋਲ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸਰਕਾਰ ਪੱਖੀ ਵਿਅਕਤੀਆਂ ਨੂੰ ਹੀ ਕਮੇਟੀ ਦਾ ਹਿੱਸਾ ਬਣਾਉਣਾ ਨਿਆਂਪਾਲਿਕ ਨੂੰ ਸ਼ੱਕ ਦੇ ਘੇਰੇ ਵਿੱਚ ਖੜ੍ਹਾ ਕਰਦਾ ਹੈ।