ਨਵੀਂ ਦਿੱਲੀ, 12 ਨਵੰਬਰ

ਸੁਪਰੀਮ ਕੋਰਟ ਦੀ ਘੁਰਕੀ ਤੋਂ ਬਾਅਦ ਫੌਜ ਨੇ ਅੱਜ 11 ਮਹਿਲਾ ਅਧਿਕਾਰੀਆਂ ਨੂੰ ਦਸ ਦਿਨਾਂ ਅੰਦਰ ਸਥਾਈ ਕਮਿਸ਼ਨ ਦੇਣ ਲਈ ਸਹਿਮਤੀ ਦੇ ਦਿੱਤੀ ਹੈ। ਫੌਜ ਨੇ ਇਹ ਵੀ ਕਿਹਾ ਹੈ ਕਿ ਉਹ 11 ਔਰਤਾਂ ਤੋਂ ਇਲਾਵਾ ਯੋਗ ਮਹਿਲਾ ਅਫਸਰਾਂ ਨੂੰ ਵੀ ਸਥਾਈ ਕਮਿਸ਼ਨ ਦੇਵੇਗਾ ਜਿਨ੍ਹਾਂ ਨੇ ਆਪਣੀ ਤਰੱਕੀ ਲਈ ਅਦਾਲਤ ਦਾ ਰੁਖ਼ ਵੀ ਨਹੀਂ ਸੀ ਕੀਤਾ। ਜਸਟਿਸ ਡੀ.ਵਾਈ. ਚੰਦਰਚੂੜ ਅਤੇ ਏ.ਐਸ. ਬੋਪੰਨਾ ਦੇ ਬੈਂਚ ਨੇ ਹੁਕਮ ਕੀਤਾ ਕਿ 11 ਮਹਿਲਾ ਅਧਿਕਾਰੀਆਂ ਨੂੰ 10 ਦਿਨਾਂ ਦੀ ਮਿਆਦ ਦੇ ਅੰਦਰ ਸਥਾਈ ਕਮਿਸ਼ਨ ਦਿੱਤਾ ਜਾਵੇ। ਬੈਂਚ ਨੇ ਫੌਜ ਵਲੋਂ ਪੇਸ਼ ਵਕੀਲ ਨੂੰ ਇਹ ਵੀ ਕਿਹਾ ਕਿ ਫੌਜ ਨੇ ਇਸ ਸਬੰਧੀ ਅਦਾਲਤ ਦੇ ਹੁਕਮ ਨਹੀਂ ਮੰਨੇ ਜਿਸ ਕਾਰਨ ਉਸ ਨੂੰ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਜਾਵੇਗਾ ਪਰ ਫੌਜ ਦੇ ਵਕੀਲ ਨੇ ਕਿਹਾ ਕਿ ਬਾਕੀ ਮਹਿਲਾ ਅਫਸਰਾਂ ਬਾਰੇ ਫੈਸਲਾ ਜਲਦੀ ਲਿਆ ਜਾਵੇਗਾ।