ਪੰਜਾਬੀ ਸੰਗੀਤ ਨਿਰਮਾਤਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਨੂੰ ਸੁਨੰਦਾ ਸ਼ਰਮਾ ਮਾਮਲੇ ‘ਚ ਵੱਡੀ ਰਾਹਤ ਮਿਲੀ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਤੁਰੰਤ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਫੈਸਲਾ ਧਾਲੀਵਾਲ ਦੇ ਪੁੱਤਰ ਵੱਲੋਂ ਦਾਖਲ ਕੀਤੀ ਪਟੀਸ਼ਨ ‘ਤੇ ਆਇਆ, ਜਿਸ ਵਿੱਚ ਮੋਹਾਲੀ ਪੁਲਿਸ ਦੀ ਗ੍ਰਿਫਤਾਰੀ ਨੂੰ ਨਾਜਾਇਜ਼ ਦੱਸਿਆ ਗਿਆ ਸੀ।
ਵਕੀਲ ਹਰਲਵ ਸਿੰਘ ਰਾਜਪੂਤ ਨੇ ਦੱਸਿਆ ਕਿ ਸੁਨੰਦਾ ਸ਼ਰਮਾ ਦੀ ਸ਼ਿਕਾਇਤ ‘ਤੇ ਧਾਲੀਵਾਲ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਗ੍ਰਿਫਤਾਰੀ ਦੇ ਵਿਰੁੱਧ ਉਨ੍ਹਾਂ ਦੇ ਪੁੱਤਰ ਨੇ ਹਾਈਕੋਰਟ ਵਿੱਚ ਅਰਜ਼ੀ ਦਾਖਲ ਕੀਤੀ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੀ ਤੁਰੰਤ ਰਿਹਾਈ ਦਾ ਹੁਕਮ ਦਿੱਤਾ।
ਪੇਸ਼ੀ ਤੋਂ ਪਹਿਲਾਂ ਪੁਲਿਸ ਨੇ ਧਾਲੀਵਾਲ ਦੇ ਘਰ ‘ਚ ਮਾਰੀ ਸੀ ਰੇਡ
ਪੇਸ਼ੀ ਤੋਂ ਪਹਿਲਾਂ ਪਿੰਕੀ ਧਾਲੀਵਾਲ ਨੂੰ ਪੁਲਿਸ ਰਿਮਾਂਡ ‘ਤੇ ਰੱਖਿਆ ਗਿਆ ਸੀ। ਸੀਆਈਏ ਪੁਲਿਸ ਨੇ ਉਨ੍ਹਾਂ ਨੂੰ ਮੋਹਾਲੀ ਸੈਕਟਰ-71 ਵਿੱਚ ਉਨ੍ਹਾਂ ਦੇ ਘਰ ਲੈ ਜਾ ਕੇ ਕੁਝ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਸਨ, ਜਿਨ੍ਹਾਂ ਦੀ ਜਾਂਚ ਹੁਣ ਵੀ ਜਾਰੀ ਹੈ। ਇਸ ਦੌਰਾਨ ਡੀਐਸਪੀ ਤਰਵਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ।
ਕਿਉਂ ਹੋਈ ਸੀ ਗ੍ਰਿਫਤਾਰੀ?
ਸੁਨੰਦਾ ਸ਼ਰਮਾ ਨੇ ਪਿੰਕੀ ਧਾਲੀਵਾਲ ‘ਤੇ ਗੈਰ-ਕਾਨੂੰਨੀ, ਸ਼ੋਸ਼ਣ ਕਰਨ ਅਤੇ ਅਪਮਾਨਜਨਕ ਵਿਵਹਾਰ ਦੇ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਧਾਲੀਵਾਲ ਨੇ ਸਾਲਾਂ ਤੱਕ ਆਰਥਿਕ ਸ਼ੋਸ਼ਣ ਕੀਤਾ, ਜਿਸ ਕਾਰਨ ਉਸ ਨੂੰ ਭਾਰੀ ਆਰਥਿਕ ਅਤੇ ਮਾਨਸਿਕ ਨੁਕਸਾਨ ਹੋਇਆ। ਹੁਣ ਹਾਈਕੋਰਟ ਵੱਲੋਂ ਰਾਹਤ ਮਿਲਣ ਉਪਰੰਤ ਧਾਲੀਵਾਲ ਦੇ ਅਗਲੇ ਕਦਮ ਤੇ ਨਿਗਾਹ ਟਿਕੀ ਹੋਈ ਹੈ।