ਚੰਡੀਗੜ, 21 ਅਕਤੂਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਰਾਜ ਦੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਅੱਜ ਹੋਈਆਂ ਉਪ ਚੋਣਾਂ ਸਾਂਤੀਪੂਰਨ ਤਰੀਕੇ ਨਾਲ ਨੇਪਰੇ ਚੜਨ ਤੇ ਇੰਨਾਂ ਹਲਕਿਆਂ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਲੋਕਤੰਤਰ ਪ੍ਰਤੀ ਹਮੇਸਾ ਵਚਨਬੱਧਤਾ ਨਾਲ ਸਮਰਪਿਤ ਰਹਿੰਦੇ ਹਨ ਅਤੇ ਅੱਜ ਵੀ ਲੋਕਾਂ ਨੇ ਇਸੇ ਭਾਵਨਾ ਨਾਲ ਸਾਂਤਮਈ ਤਰੀਕੇ ਨਾਲ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਉਨਾਂ ਨੇ ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਲੈ ਕੇ ਮਤਦਾਨ ਪ੍ਰਿਆ ਤੱਕ ਭਾਈਚਾਰਾ ਬਣਾਈ ਰੱਖਣ ਲਈ ਸੂਬੇ ਦੇ ਲੋਕਾਂ ਦਾ ਸ਼ੁਕਰੀਆਂ ਅਦਾ ਕਰਦਿਆਂ ਰਿਹਾ ਕਿ ਸਾਡੀ ਇਸੇ ਤਰਾਂ ਦੀ ਸਾਰਥਕ ਪਹੁੰਚ ਨਾਲ ਲੋਕਤੰਤਰ ਹੋਰ ਮਜਬੂਤ ਹੁੰਦਾ ਹੈ ਅਤੇ ਇਹੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰਾਂ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਮੁੱਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੀਤੇ ਜਾ ਰਹੇ ਕਾਰਜਾਂ ਨਾਲ ਸਹਿਮਤ ਹਨ ਅਤੇ ਇਸੇ ਲਈ ਉਨਾਂ ਨੇ ਵਧਚੜ ਕੇ ਮਤਦਾਨ ਕੀਤਾ ਹੈ ਤਾਂ ਜੋ ਇਹ ਚਾਰੋ ਸੀਟਾਂ ਕਾਂਗਰਸ ਨੂੰ ਜਿਤਾ ਕੇ ਉਹ ਆਪਣੇ ਮੁੱਖ ਮੰਤਰੀ ਦੇ ਹੱਥ ਹੋਰ ਮਜਬੂਤ ਕਰ ਸਕਨ। ਉਨਾਂ ਨੇ ਇਸ ਮੌਕੇ ਸਾਂਤਮਈ ਅਤੇ ਨਿਰਪੱਖ ਚੌਣਾਂ ਕਰਵਾਉਣ ਲਈ ਚੌਣ ਕਮਿਸ਼ਨ ਸਮੇਤ ਸਮੂਚੇ ਚੋਣ ਅਮਲੇ ਅਤੇ ਸੁਰੱਖਿਆ ਦਸਤਿਆਂ ਦਾ ਵੀ ਧੰਨਵਾਦ ਕੀਤਾ। ਨਾਲ ਹੀ ਉਨਾਂ ਨੇ ਕਿਹਾ ਕਿ ਹੁਣ ਚੋਣ ਪ੍ਰਚਾਰ ਖਤਮ ਹੋ ਗਿਆ ਹੈ ਅਤੇ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਵਾਂਗ ਆਪਸ ਵਿਚ ਮਿਲ ਜੁਲ ਕੇ ਰਹਿਣ ਤਾਂ ਜੋ ਆਪਾਂ ਸਾਰੇ ਮਿਲ ਕੇ ਆਪਣੇ ਪੰਜਾਬ ਨੂੰ ਤਰੱਕੀ ਦੀਆਂ ਮੰਜਿਲਾਂ ਤੱਕ ਲੈ ਜਾ ਸਕੀਏ।