ਦੁਨੀਆ ਵਿੱਚ ਕੁਦਰਤ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਇੱਕ ਪਾਸੇ ਅਫ਼ਗਾਨਿਸਤਾਨ ਵਿੱਚ ਭੂਚਾਲ ਦੀ ਤਬਾਹੀ ਦੇਖਣ ਨੂੰ ਮਿਲੀ, ਉੱਥੇ ਹੀ ਦੂਜੇ ਪਾਸੇ ਅਫਰੀਕੀ ਦੇਸ਼ ਸੁਡਾਨ ਵਿੱਚ ਕੁਦਰਤ ਨੇ ਆਪਣਾ ਭਿਆਨਕ ਰੂਪ ਦਿਖਾਇਆ ਹੈ। ਸੁਡਾਨ ਵਿਚ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ। ਸੋਮਵਾਰ ਨੂੰ, ਸੁਡਾਨ ਲਿਬਰੇਸ਼ਨ ਮੂਵਮੈਂਟ/ਆਰਮੀ ਨੇ ਰਿਪੋਰਟ ਦਿੱਤੀ ਕਿ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 1,000 ਲੋਕਾਂ ਦੀ ਮੌਤ ਹੋ ਗਈ ਹੈ।

ਇੱਥੇ ਤਬਾਹੀ ਇੰਨੀ ਭਿਆਨਕ ਸੀ ਕਿ ਪੱਛਮੀ ਸੁਡਾਨ ਦੇ ਮਾਰਾ ਪਹਾੜੀ ਖੇਤਰ ਵਿੱਚ ਇੱਕ ਪੂਰਾ ਪਿੰਡ ਤਬਾਹ ਹੋ ਗਿਆ। ਇਹ ਦਾਰਫੁਰ ਖੇਤਰ ਵਿੱਚ ਪੈਂਦਾ ਹੈ। ਇੱਥੇ ਸਿਰਫ਼ ਇੱਕ ਬੱਚਾ ਬਚਿਆ। ਸੁਡਾਨ ਵਿੱਚ ਸਥਿਤੀ ਕਾਫ਼ੀ ਭਿਆਨਕ ਹੈ। ਇੱਕ ਬਿਆਨ ਵਿੱਚ ਜਾਣਕਾਰੀ ਦਿੰਦੇ ਹੋਏ, ਅਬਦੇਲਵਾਹਿਦ ਮੁਹੰਮਦ ਨੂਰ ਦੀ ਅਗਵਾਈ ਵਾਲੇ ਸਮੂਹ ਨੇ ਕਿਹਾ ਕਿ ਇਹ ਜ਼ਮੀਨ ਭਾਰੀ ਮੀਂਹ ਕਾਰਨ ਖਿਸਕੀ ਹੈ।

31 ਅਗਸਤ ਨੂੰ ਭਾਰੀ ਮੀਂਹ ਪਿਆ, ਜਿਸ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਜਿਸ ਨੇ ਇੱਕ ਪਿੰਡ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਅਤੇ ਪਿੰਡ ਮਿੱਟੀ ਵਿੱਚ ਬਦਲ ਗਿਆ। ਇਸ ਜ਼ਮੀਨ ਖਿਸਕਣ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਹਨ।