ਜੋਗਿੰਦਰ ਕੌਰ ਅਗਨੀਹੋਤਰੀ
ਇੱਕ ਬਹੁਤ ਵੱਡਾ ਜੰਗਲ ਸੀ। ਉਸ ਵਿੱਚ ਅਨੇਕਾਂ ਜੀਵ-ਜੰਤੂ ਤੇ ਪਸ਼ੂ-ਪੰਛੀਆਂ ਦਾ ਬਸੇਰਾ ਸੀ। ਸਭ ਆਪੋ-ਆਪਣੇ ਢਿੱਡ ਭਰਕੇ ਟਿਕਾਣਿਆਂ ’ਤੇ ਚਲੇ ਜਾਂਦੇ। ਕਮਜ਼ੋਰ ਪਸ਼ੂ ਤੇ ਜੀਵ-ਜੰਤੂ ਤਕੜਿਆਂ ਤੋਂ ਡਰਦੇ ਲੁਕ ਛਿਪ ਕੇ ਆਪਣਾ ਬਚਾਅ ਵੀ ਕਰਦੇ ਤੇ ਢਿੱਡ ਭਰਦੇ। ਸਭ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ। ਸ਼ੇਰ ਦਹਾੜਦੇ, ਗਿੱਦੜ ਮਿਆਂਕਦੇ ਤੇ ਬਾਕੀ ਸਭ ਆਪੋ-ਆਪਣੀ ਭਾਸ਼ਾ ਵਿੱਚ ਬੋਲਦੇ, ਪਰ ਜ਼ਿਆਦਾ ਉੱਚੀ ਕੋਈ ਨਾ ਬੋਲਦਾ। ਜੋ ਬੋਲਦੇ ਉਹ ਸਿਰਫ਼ ਆਪਣੇ ਪਰਿਵਾਰ ਨੂੰ ਬੁਲਾਉਣ ਵਾਸਤੇ ਬੋਲਦੇ ਜਾਂ ਸੁੱਖਸਾਂਦ ਪੁੱਛਣ ਲਈ ਆਵਾਜ਼ ਦਿੰਦੇ।
ਜੀਵ-ਜੰਤੂਆਂ ਤੇ ਪਸ਼ੂ-ਪੰਛੀਆਂ ਦਾ ਬੋਲਣਾ ਇੱਕ ਦੂਜੇ ਨੂੰ ਆਪਣੇ ਬਾਰੇ ਸੂਚਨਾ ਦੇਣਾ ਸੀ। ਪੰਛੀ ਚੋਗਾ ਚੁਗ ਕੇ ਉਡਾਰੀ ਮਾਰਨ ਵੇਲੇ ਆਪਣੇ ਆਲ੍ਹਣੇ ਵਿੱਚ ਜਾਣ ਦਾ ਸੰਦੇਸ਼ ਦਿੰਦੇ। ਚਿੜੀਆਂ ਚੀਂ ਚੀਂ ਕਰਦੀਆਂ। ਤੋਤੇ ਟੈਂ ਟੈਂ ਕਰਦੇ। ਤਿੱਤਰ ਵੀ ਆਪਣੇ ਪਰਿਵਾਰ ਨੂੰ ਉੱਡਣ ਵੇਲੇ ਕਤੀਤਰ ਕਤੀਤਰ ਦੀ ਆਵਾਜ਼ ਕੱਢ ਕੇ ਉਨ੍ਹਾਂ ਨੂੰ ਆਲ੍ਹਣਿਆਂ ਵੱਲ ਚੱਲਣ ਲਈ ਕਹਿੰਦੇ। ਉਂਜ ਕੋਈ ਕਿਸੇ ਨੂੰ ਵੱਧ ਘੱਟ ਨਹੀਂ ਕਹਿੰਦਾ ਸੀ, ਪਰ ਜੰਗਲ ਦਾ ਇੱਕ ਸ਼ੇਰ ਬਹੁਤ ਹੰਕਾਰਿਆ ਹੋਇਆ ਸੀ। ਉਹ ਹਰੇਕ ਨੂੰ ਦੇਖ ਕੇ ਕੁਝ ਨਾ ਕੁਝ ਜ਼ਰੂਰ ਬੋਲਦਾ। ਜੰਗਲ ਦੇ ਜੀਵ-ਜੰਤੂ, ਪਸ਼ੂ-ਪੰਛੀ ਸਭ ਉਸ ਦੀ ਗੰਦੀ ਆਦਤ ਤੋਂ ਤਾਂ ਦੁਖੀ ਹੀ ਸਨ, ਪਰ ਜੰਗਲ ਦੇ ਸ਼ੇਰ ਵੀ ਉਸ ਦੀ ਗੰਦੀ ਆਦਤ ਤੋਂ ਖ਼ਫ਼ਾ ਸਨ। ਉਨ੍ਹਾਂ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਸ ਦੀ ਇਹ ਵੰਗਾਰਨ ਵਾਲੀ ਆਦਤ ਗੰਦੀ ਹੈ। ਉਹ ਇਸ ਤਰ੍ਹਾਂ ਨਾ ਬੋਲੇ ਕਿਉਂਕਿ ਬਿਨਾਂ ਮਤਲਬ ਤੋਂ ਬੋਲਣ ਨਾਲ ਇੱਜ਼ਤ ਖ਼ਰਾਬ ਹੁੰਦੀ ਹੈ। ਉਸ ਨੂੰ ਸਮਝਾਉਣ ਲਈ ਸਭ ਨੇ ਯਤਨ ਕੀਤੇ, ਪਰ ਉਸ ਦੇ ਕੰਨ ’ਤੇ ਜੂੰ ਨਾ ਸਰਕੀ। ਸਗੋਂ ਕਹਿਣ ਲੱਗਾ ਕਿ ਉਹ ਸਭ ਤੋਂ ਵੱਧ ਤਾਕਤਵਰ ਹੈ ਤੇ ਉਸ ਦਾ ਨਾਂ ਬਲਕਾਰ ਹੈ। ਸਰਦੀ ਦੇ ਦਿਨ ਸਨ। ਬਲਕਾਰ ਨੇ ਉੱਚੀ ਆਵਾਜ਼ ਵਿੱਚ ਸਭ ਨੂੰ ਵੰਗਾਰਿਆ।
‘‘ਮੈਂ ਨੱਢਾ ਸ਼ੇਰ ਹਾਂ ਜੰਗਲ ਦਾ। ਨਾਮ ਮੇਰਾ ਬਲਕਾਰ।
ਦੱਸੋ ਕੌਣ ਹੈ ਮੇਰੇ ਨਾਲ ਮੁਕਾਬਲੇ ਲਈ ਤਿਆਰ।’’
ਇਹ ਆਵਾਜ਼ ਸਭ ਨੇ ਸੁਣੀ ਤੇ ਬਲਕਾਰ ਨੂੰ ਮੰਦਾ ਬੋਲ ਕੇ ਚੁੱਪ ਕਰ ਗਏ, ਪਰ ਸੁਜਾਨ ਲੂੰਬੜ ਬੋਲਣ ਲੱਗਾ। ਉਸ ਦੀ ਘਰਵਾਲੀ ਸੁਨੈਨਾ ਨੇ ਉਸ ਨੂੰ ਬੋਲਣ ਤੋਂ ਵਰਜਦਿਆਂ ਕਿਹਾ, ‘‘ਕਿਉਂ ਸ਼ੇਰ ਨਾਲ ਪੰਗਾ ਲੈਨੈ? ਇਹ ਤਾਂ ਹੰਕਾਰਿਆ ਹੋਇਆ ਹੈ ਤੇ ਬਹਾਨੇ ਨਾਲ ਸ਼ਿਕਾਰ ਭਾਲਦਾ ਹੋਊ।’’
‘‘ਇਸ ਦੀਆਂ ਗੱਲਾਂ ’ਤੇ ਸਾਰੇ ਦੁਖੀ ਹਨ। ਆਪਾਂ ਤਾਂ ਭਲਾ ਕਮਜ਼ੋਰ ਹਾਂ, ਪਰ ਇਸ ਦੇ ਨਾਲ ਤਾਂ ਇਸ ਦਾ ਭਾਈਚਾਰਾ ਹੀ ਨਫ਼ਰਤ ਕਰਦੈ। ਤੂੰ ਮੈਨੂੰ ਰੋਕ ਨਾ। ਮੈਂ ਇਸ ਨੂੰ ਵੰਗਾਰਨ ਦਾ ਜਵਾਬ ਦੇਵਾਂਗਾ।’’
‘‘ਜੇ ਤੈਨੂੰ ਇਸ ਨੇ ਮਾਰ ਦਿੱਤਾ।’’
‘‘ਸੁਨੈਨਾ ਤੂੰ ਚਿੰਤਾ ਨਾ ਕਰ।’’
‘‘ਕਿਉਂ ਨਾ ਚਿੰਤਾ ਕਰਾਂ?’’
‘‘ਦੇਖ, ਇੱਕ ਦਿਨ ਸਭ ਨੇ ਮਰਨੈ। ਦੂਜਿਆਂ ਨੂੰ ਮਾਰਨ ਵਾਲੇ ਵੀ ਮਰ ਜਾਂਦੇ ਹਨ।’’
‘‘ਤੈਨੂੰ ਰੋਕਣਾ ਮੇਰਾ ਫਰਜ਼ ਹੈ।’’
‘‘ਜੇ ਭਲਾਂ ਇਹ ਮੈਨੂੰ ਉਂਜ ਹੀ ਕਿਤੇ ਫੜ ਲਵੇ?’’
‘‘ਮੈਨੂੰ ਤੇਰੀ ਇਹ ਗੱਲ ਬਿਲਕੁਲ ਪਸੰਦ ਨਹੀਂ।’’
‘‘ਤੂੰ ਮੇਰੀ ਗੱਲ ਮੰਨ ਲੈ।’’
ਸੁਜਾਨ ਦੀ ਗੱਲ ਸੁਣ ਕੇ ਸੁਨੈਨਾ ਚੁੱਪ ਕਰ ਗਈ।
ਉਹ ਅਜੇ ਗੱਲ ਕਰਕੇ ਹਟੇ ਹੀ ਸਨ ਤਾਂ ਬਲਕਾਰ ਨੇ ਫਿਰ ਉੱਚੀ ਆਵਾਜ਼ ਵਿੱਚ ਲਲਕਾਰ ਕੇ ਬੋਲਿਆ।
‘‘ਮੈਂ ਨੱਢਾ ਸ਼ੇਰ ਹਾਂ ਜੰਗਲ ਦਾ, ਨਾਮ ਮੇਰਾ ਬਲਕਾਰ।
ਦੱਸੋ ਕੌਣ ਹੈ ਮੇਰੇ ਨਾਲ ਮੁਕਾਬਲੇ ਲਈ ਤਿਆਰ।’’
ਸੁਜਾਨ ਨੇ ਉੱਛਲ ਕੇ ਕਿਹਾ, ‘‘ਦੇਖ, ਕਿੰਨਾ ਹੰਕਾਰ ਐ ਏਸ ਨੂੰ। ਮੂਰਖ ਐ ਮੂਰਖ। ਮੈਂ ਦਿੰਨਾ ਏਸ ਨੂੰ ਜਵਾਬ।
ਲੂੰਬੜ ਮੇਰੀ ਜਾਤ ਹੈ, ਨਾਮ ਮੇਰਾ ਸੁਜਾਨ।
ਤੇਰੇ ਨਾਲ ਮੁਕਾਬਲਾ ਮੈਨੂੰ ਹੈ ਪ੍ਰਵਾਨ।’’
ਸੁਜਾਨ ਨੇ ਉੱਚੀ ਆਵਾਜ਼ ਵਿੱਚ ਬਲਕਾਰ ਨੂੰ ਲਲਕਾਰਦਿਆਂ ਕਿਹਾ। ਸੁਨੈਨਾ ਉਸ ਦੀ ਗੱਲ ਸੁਣ ਕੇ ਉਦਾਸ ਨਾ ਹੋਈ ਬਲਕਿ ਖ਼ੁਸ਼ ਹੋ ਗਈ। ਹੁਣ ਉਹ ਦੋਵੇਂ ਬਲਕਾਰ ਦਾ ਜਵਾਬ ਉਡੀਕਣ ਲੱਗੇ। ਕੁਝ ਚਿਰ ਬਾਅਦ ਬਲਕਾਰ ਫੇਰ ਬੋਲਿਆ।
‘‘ਕਿਹੜੀ ਥਾਂ ਮੁਕਾਬਲਾ ਕਰਨਾ ਹੈ ਸੁਜਾਨ?
ਕਿਤੇ ਡਰ ਕੇ ਆਖ ਨਾ ਦੇਵੀਂ ਬਖਸ਼ੋ ਮੇਰੀ ਜਾਨ।’’
‘‘ਹੁਣ ਕੀ ਜਵਾਬ ਦੇਵੇਂਗਾ?’’
‘‘ਜਵਾਬ ਦੇਵਾਂਗੇ, ਡਰਦੀ ਕਿਉਂ ਐਂ?’’
‘‘ਮੁਕਾਬਲਾ ਆਪਾਂ ਕਰਾਂਗੇ, ਕਰਾਂਗੇ ਰੜੇ ਮੈਦਾਨ।
ਤੁਸੀਂ ਮੈਨੂੰ ਫੜਨ ਲਈ ਲਾਉਣਾ ਆਪਣਾ ਤਾਨ।’’
ਸੁਜਾਨ ਨੇ ਉੱਚੀ ਆਵਾਜ਼ ਵਿੱਚ ਬਲਕਾਰ ਨੂੰ ਆਪਣਾ ਫ਼ੈਸਲਾ ਸੁਣਾ ਦਿੱਤਾ। ਜੰਗਲ ਵਿੱਚ ਚੁੱਪਚਾਂਦ ਹੋ ਗਈ। ਇੰਜ ਲੱਗਦਾ ਸੀ ਜਿਵੇਂ ਸਾਰੇ ਹੀ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਹੋਣ। ਬਲਕਾਰ ਫਿਰ ਉੱਚੀ ਆਵਾਜ਼ ਵਿੱਚ ਬੋਲਿਆ,
‘‘ਦੱਸ ਦੇ ਇਹ ਮੁਕਾਬਲਾ ਕੱਲ੍ਹ ਕਰਨੈ ਕਿ ਅੱਜ।
ਦੋ ਦਿਨ ਤੈਨੂੰ ਦੇ ਦਿੱਤੇ ਹੁਣ ਨਾ ਲਾਵੀਂ ਪੱਜ।’’
ਸੁਜਾਨ ਦੀ ਗੱਲ ਸੁਣ ਕੇ ਬਲਕਾਰ ਨੇ ਉਸ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ,
‘‘ਤੇਰਾ ਇਹ ਫ਼ੈਸਲਾ ਮੈਨੂੰ ਹੈ ਮਨਜ਼ੂਰ।
ਭਾਈਆਂ ਨੂੰ ਦੇਖਣਾ ਚਾਹੀਦਾ ਹੈ ਜ਼ਰੂਰ।’’
ਸੁਜਾਨ ਨੇ ਬਲਕਾਰ ਵੱਲੋਂ ਮੁਕਾਬਲੇ ਲਈ ਆਇਆ ਇਹ ਸੱਦਾ ਪ੍ਰਵਾਨ ਕਰਦਿਆਂ ਉਸ ਨੂੰ ਜਵਾਬ ਦਿੰਦਿਆਂ ਕਿਹਾ,
‘‘ਮਿੱਤਰ ਏਸ ਮੁਕਾਬਲੇ ਲਈ ਕੱਲ੍ਹ ਨੂੰ ਮੈਂ ਤਿਆਰ।
ਤਾਂ ਕਿ ਇਸ ਨੂੰ ਦੇਖਣ ਲਈ ਭਾਈ ਵੀ ਆਵਣ ਚਾਰ।’’
ਇਹ ਕਹਿ ਕੇ ਬਲਕਾਰ ਚੁੱਪ ਕਰ ਗਿਆ।
ਸੁਨੈਨਾ ਸੁਜਾਨ ਵੱਲ ਦੇਖ ਕੇ ਬੋਲੀ, ‘‘ਤੂੰ ਸਾਰਿਆਂ ਨੂੰ ਮਰਵਾਏਂਗਾ।’’
‘‘ਕਿਉਂ, ਮੈਂ ਕਿਉਂ ਮਰਵਾਊਂ।’’
‘‘ਜਿਹੜੇ ਤਮਾਸ਼ਾ ਦੇਖਣ ਆਉਣਗੇ।’’
‘‘ਇਹ ਵੀ ਹੱਲ ਕੱਢਾਂਗੇ।’’
‘‘ਕਿਵੇਂ ਕੱਢੇਂਗਾ ਹੱਲ? ਨਵੇਂ ਤੋਂ ਨਵੇਂ ਪੰਗੇ ਛੇੜਦੈਂ।’’
‘‘ਦੇਖ, ਜੀਵ-ਜੰਤੂ ਤਾਂ ਓਹਲੇ ਹੋ ਕੇ ਦੇਖ ਲੈਣਗੇ। ਪੰਛੀ ਰੁੱਖਾਂ ’ਤੇ ਬੈਠ ਕੇ ਦੇਖ ਲੈਣਗੇ।’’
‘‘ਹੋਰ ਜਾਨਵਰ ਤੇ ਸ਼ੇਰ ਬਘੇਰੇ?’’
‘‘ਉਨ੍ਹਾਂ ਦਾ ਵੀ ਕੱਢਦੇ ਹਾਂ ਕੋਈ ਹੱਲ।’’
‘‘ਤੂੰ ਬਾਕੀਆਂ ਨੂੰ ਮਰਵਾਏਂਗਾ।’’
‘‘ਨਹੀਂ, ਤੂੰ ਅਜੇ ਚੁੱਪ ਰਹਿ।’’
ਏਨੇ ਨੂੰ ਸੁਜਾਨ ਉੱਚੀ ਆਵਾਜ਼ ਵਿੱਚ ਬੋਲਿਆ।
‘‘ਹੇ, ਜੰਗਲ ਦੇ ਬਾਦਸ਼ਾਹ, ਮੇਰੀ ਅਰਜ਼ ਕਰੋ ਮਨਜ਼ੂਰ।
ਕੱਲ੍ਹ ਹੋਵੇਗਾ ਸਾਡਾ ਮੁਕਾਬਲਾ, ਤੁਸੀਂ ਆਉਣਾ ਹੈ ਜ਼ਰੂਰ।
ਇੱਕ ਬੇਨਤੀ ਹੋਰ ਹੈ ਜੀ, ਕਰਿਓ ਤੁਸੀਂ ਪ੍ਰਵਾਨ।
ਜੰਗਲ ਦੇ ਸਭ ਜੀਆਂ ਨੂੰ, ਦਿਉ ਅਭੈਅ ਵਰਦਾਨ।
ਕੱਲ੍ਹ ਨੂੰ ਤੁਸੀਂ ਸਾਰਿਆਂ ’ਤੇ ਹੋ ਜਾਣਾ ਮਿਹਰਬਾਨ।
ਦਯਾ ਕਰਕੇ ਸਭ ਨੂੰ, ਬਖ਼ਸ਼ਣਾ ਜੀਵਨ ਦਾਨ।’’
ਸੁਜਾਨ ਨੇ ਇਹ ਬੇਨਤੀ ਜੰਗਲ ਦੇ ਬਾਦਸ਼ਾਹ ਨੂੰ ਕੀਤੀ ਤੇ ਅੱਗੋਂ ਬਾਦਸ਼ਾਹ ਨੇ ਵੀ ਬੇਨਤੀ ਪ੍ਰਵਾਨ ਕਰਦਿਆਂ ਉੱਚੀ ਆਵਾਜ਼ ਵਿੱਚ ਕਿਹਾ,
‘‘ਗੱਲ ਤੇਰੀ ਮੈਂ ਸੁਣ ਲਈ, ਓ ਲੂੰਬੜ ਚਤੁਰ ਸੁਜਾਨ।
ਕਿਸੇ ਨੇ ਕਿਸੇ ਨੂੰ ਡਰਾਉਣਾ ਨਹੀਂ, ਕਰ ਦਿਆਂਗਾ ਫ਼ਰਮਾਨ।
ਨਿਸ਼ਚਿੰਤ ਹੋ ਕੇ ਤੁਸੀਂ ਆਉਣਾ ਵਿੱਚ ਮੈਦਾਨ।
ਦੇਖਾਂਗੇ ਕੌਣ ਜਿੱਤਦਾ, ਕਿਸ ਦੀ ਵਧੇਗੀ ਸ਼ਾਨ।’’
ਜੰਗਲ ਦੇ ਬਾਦਸ਼ਾਹ ਦਾ ਉੱਤਰ ਸੁਣ ਕੇ ਸੁਜਾਨ ਪ੍ਰਸੰਨ ਹੋ ਗਿਆ। ਸੁਨੈਨਾ ਵੀ ਬਹੁਤ ਖ਼ੁਸ਼ ਹੋਈ। ਅਗਲੇ ਦਿਨ ਬਲਕਾਰ ਤੇ ਸੁਜਾਨ ਮੁਕਾਬਲੇ ਲਈ ਮੈਦਾਨ ਵਿੱਚ ਆ ਗਏ। ਉੱਧਰੋਂ ਜੰਗਲ ਦੇ ਜਾਨਵਰ, ਪੰਛੀ ਤੇ ਜੀਵ-ਜੰਤੂ ਇਕੱਠੇ ਹੋ ਕੇ ਆ ਗਏ। ਬਾਦਸ਼ਾਹ ਦੇ ਹੁਕਮ ’ਤੇ ਮੁਕਾਬਲਾ ਸ਼ੁਰੂ ਹੋ ਗਿਆ। ਸੁਜਾਨ ਲੂੰਬੜ ਬਲਕਾਰ ਅੱਗੇ ਆਪਣੀ ਪੂਛ ਬਖੇਰ ਕੇ ਖੜ੍ਹਾ ਹੋ ਗਿਆ। ਬਲਕਾਰ ਉਸ ਵੱਲ ਭੱਜਣ ਲੱਗਾ। ਲੂੰਬੜ ਕਦੇ ਇੱਧਰ ਤੇ ਕਦੇ ਉੱਧਰ ਹੋ ਜਾਂਦਾ। ਇਸ ਤਰ੍ਹਾਂ ਕਈ ਘੰਟੇ ਲੱਗ ਗਏ, ਪਰ ਸੁਜਾਨ ਬਲਕਾਰ ਤੋਂ ਫੜਿਆ ਨਾ ਗਿਆ। ਬਲਕਾਰ ਥੱਕ ਗਿਆ। ਉਸ ਦੀ ਚਾਲ ਮੱਠੀ ਪੈ ਗਈ, ਪਰ ਸੁਜਾਨ ਉਵੇਂ ਹੀ ਭੱਜਦਾ ਰਿਹਾ। ਅਖੀਰ ਬਲਕਾਰ ਥੱਕ ਕੇ ਬੈਠ ਗਿਆ। ਜਦੋਂ ਉਸ ਨੇ ਉੱਠਣ ਤੋਂ ਨਾਂਹ ਕਰ ਦਿੱਤੀ ਤਾਂ ਬਾਦਸ਼ਾਹ ਦੇ ਕਹਿਣ ’ਤੇ ਮੁਕਾਬਲਾ ਖ਼ਤਮ ਹੋ ਗਿਆ। ਸੁਜਾਨ ਨੂੰ ਜੇਤੂ ਐਲਾਨ ਦਿੱਤਾ ਗਿਆ। ਜੰਗਲ ਦੇ ਸਾਰੇ ਜਾਨਵਰਾਂ ਨੇ ਤਾੜੀਆਂ ਮਾਰੀਆਂ ਤੇ ਸੁਜਾਨ ਨੂੰ ਵਧਾਈ ਦਿੱਤੀ।