ਕਾਂਗਰਸ ਸਰਕਾਰ ਤੇ ਆਪ ਦੇ ਖਿਲਾਫ ਚਾਰਜਸ਼ੀਟ ਵੀ ਕੀਤੀ ਜਾਰੀ
ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤਬਾਹ ਕੀਤਾ, ਪੰਜ ਮੰਤਰੀਆਂ ਵੱਲੋਂ ਕੀਤੇ ਘੁਟਾਲਿਆਂ ਨੁੰ ਕੀਤਾ ਬੇਨਕਾਬ
ਮਿਸਡ ਕਾਲ ਨੰਬਰ ਸਰਵਿਸ ਨਾਲ ਗੱਲ ਪੰਜਾਬ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 17 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਕੱਲ੍ਹ ਜ਼ੀਰਾ ਤੋਂ ਸ਼ੁਰੂ ਕਰ ਕੇ 100 ਦਿਨਾਂ ਵਿਚ 100 ਹਲਕਿਆਂ ਦੀ ਯਾਤਰਾ ਕਰਨਗੇ ਤੇ ਭ੍ਰਿਸ਼ਟ  ਤੇ ਘੁਟਾਲਿਆਂ ਵਾਲੀ ਕਾਂਗਰਸ ਸਰਕਾਰ ਨੂੰ ਬੇਨਕਾਬ ਕਰਨਗੇ ਅਤੇ ਉਹਨਾਂ ਕਾਂਗਰਸ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਚਾਰਜਸ਼ੀਟ ਜਾਰੀ ਕੀਤੀ।

ਇਥੇ ਪਾਰਟੀ ਵੱਲੋਂ ‘ਗੱਲ ਪੰਜਾਬ ਦੀ’ ਮੁਹਿੰਮ ਸ਼ੁਰੂ ਕਰਨ ਲਈ ਵਿਸ਼ੇਸ਼ ਤੌਰ ’ਤੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ 100 ਦਿਨਾਂ ਦੀ ਆਪਣੀ ਯਾਤਰਾ ਦੌਰਾਨ 700 ਜਨਤਕ ਮੀਟਿੰਗਾਂ ਨੁੰ ਸੰਬੋਧਨ ਕਰਨਗੇ ਅਤੇ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਸੁਣਨਗੇ ਤੇ ਸੂਬੇ ਦੇ ਹਰ ਪਿੰਡ ਤੇ ਹਰ ਵਾਰਡ ਵਿਚ ਅਕਾਲੀ ਵਰਕਰਾਂ ਨਾਲ ਰਾਬਤਾ ਕਾਇਮ ਕਰਨਗੇ। ਉਹਨਾਂ ਕਿਹਾ ਕਿ ਇਸ ਦੌਰੇ ਦਾ ਦੁੱਗਣਾ ਮੰਤਵ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਵਜ਼ਾਰਤ ਦੇ ਮੰਤਰੀਆਂ ਵੱਲੋਂ ਕੀਤੇ ਭ੍ਰਿਸ਼ਟਚਾਰ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ ਅਤੇ ਨਾਲ ਹੀ ਲੋਕਾਂ ਤੋਂ ਇਹ ਫੀਡਬੈਕ ਲੈਣਗੇ ਕਿ ਉਹ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਤੋਂ ਕੀ ਆਸ ਰੱਖਦੇ ਹਨ।

ਉਹਨਾਂ ਨੇ 96878-96878 ਨੰਬਰ ਵੀ ਜਾਰੀ ਕੀਤਾ ਜਿਸ ’ਤੇ ਫੋਨ ਕਰ ਕੇ ਪੰਜਾਬੀ ਪਾਰਟੀ ਦੀ ਮੁਹਿੰਮ ਵਿਚ ਵੀ ਸ਼ਾਮਲ ਹੋ ਸਕਦੇ ਹਨ ਤੇ ਪਾਰਟੀ ਤੋਂ ਆਸਾਂ ਵੀ ਸਾਂਝੀਆਂ ਕਰ ਸਕਦੇ ਹਨ।