ਬਟਾਲਾ, 2 ਅਕਤੂਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜ਼ਿਲ੍ਹਾ ਗੁਰਦਾਸਪੁਰ ‘ਚ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ-ਅਕਾਲੀ ਦਲ ਦੇ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ‘ਚ ਚੋਣ ਪ੍ਰਚਾਰ ਕਰ ਰਹੇ ਹਨ। ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਦੁਆਰਾ ਹਲਕਾ ਫ਼ਤਿਹਗੜ੍ਹ ਚੂੜੀਆਂ ‘ਚ ਕਰਵਾਈਆਂ ਜਾ ਰਹੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਸ. ਬਾਦਲ ਨੇ ਜਿੱਥੇ ਉਮੀਦਵਾਰ ਸਵਰਨ ਸਲਾਰੀਆ ਨੂੰ ਜਿਤਾਉਣ ਦੀ ਅਪੀਲ ਕੀਤੀ, ਉੱਥੇ ਹੀ ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੌਜੂਦਾ ਪੰਜਾਬ ਸਰਕਾਰ ਉੱਪਰ 6 ਮਹੀਨੇ ‘ਚ ਕੁੱਝ ਵੀ ਨਾ ਕਰਨ ਦੇ ਦੋਸ਼ ਲਾਏ। ਇਨ੍ਹਾਂ ਮੀਟਿੰਗਾਂ ‘ਚ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੇ ਮਾਮਲੇ ‘ਚ ਸੁਖਬੀਰ ਬਾਦਲ ਨੇ ਕੋਈ ਸ਼ਬਦ ਨਹੀਂ ਬੋਲਿਆ।