ਚੰਡੀਗੜ•, 27 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਨੂੰ ਬਿਲਕੁਲ ਬੇਬੁਨਿਆਦ ਦੋਸ਼ ਕਰਾਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਪਿਛਲੀ ਰਾਤ ਮੁੱਖ ਮੰਤਰੀ ਨੂੰ ਕੈਪਟਨ ਦੀ ਰਿਹਾਇਸ਼ਗਾਹ `ਤੇ ਮਿਲੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਮਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਗ਼ੈਰ-ਵਾਜਬ ਦੋਸ਼ ਲਾ ਕੇ ਸਦਨ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਝੂਠ ਹੁਣ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।
ਇੱਥੇ ਵਰਨਣਯੋਗ ਹੈ ਕਿ ਅਜਿਹੇ ਦੋਸ਼ ਸੁਖਬੀਰ ਬਾਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ `ਚ ਪੇਸ਼ ਹੋਣ ਦੇ ਕੁਝ ਸਮੇਂ ਬਾਅਦ ਲਾਏ ਸਨ। ਉਸ ਰਿਪੋਰਟ ਨੂੰ ਪਹਿਲਾਂ ਸੂਬਾ ਕੈਬਿਨੇਟ ਵੱਲੋਂ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ `ਚ ਕਾਰਵਾਈ-ਰਿਪੋਰਟ ਸਮੇਤ ਪ੍ਰਵਾਨ ਕਰ ਲਿਆ ਗਿਆ ਸੀ।
ਕੈਪਟਨ ਨੇ ਕਿਹਾ ਕਿ ਉਹ ਕਦੇ ਦਾਦੂਵਾਲ ਹੁਰਾਂ ਨੂੰ ਮਿਲੇ ਹੀ ਨਹੀਂ; ਹੋਰ ਤਾਂ ਹੋਰ ਉਹ ਉਨ੍ਹਾਂ ਨੂੰ ਪਛਾਣਦੇ ਵੀ ਨਹੀਂ। ਉਨ੍ਹਾਂ ਕਿਹਾ ਕਿ ਪੁਲਿਸ ਗੋਲੀਬਾਰੀ ਤੋਂ ਬਾਅਦ ਜਦੋਂ ਉਹ ਬਰਗਾੜੀ ਗਏ ਸਨ, ਤਦ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਦਾਦੂਵਾਲ ਵੀ ਉੱਥੇ ਬੈਠੇ ਸਨ ਪਰ ਉਨ੍ਹਾਂ ਨੇ ਨਿਜੀ ਤੌਰ `ਤੇ ਉਨ੍ਹਾਂ ਨਾਲ ਕਦੇ ਮੁਲਾਕਾਤ ਨਹੀਂ ਕੀਤੀ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਸੀ ਕਿ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ `ਚ ਪੇਸ਼ ਹੋਣ ਤੋਂ ਪਹਿਲਾਂ ਕੋਈ ਸਾਜਿ਼ਸ਼ ਰਚਣ ਲਈ ਮੁੱਖ ਮੰਤਰੀ ਨੇ ਦਾਦੂਵਾਲ ਨਾਲ ਮੁਲਾਕਾਤ ਕੀਤੀ ਸੀ।
ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਬੇਅਦਬੀ ਕਾਂਡ `ਤੇ ਭਲਕੇ ਸਦਨ `ਚ ਹੋਣ ਵਾਲੀ ਬਹਿਸ `ਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਹੁਣ ਦਰਅਸਲ, ਅਕਾਲੀ ਸਿਰਫ਼ ਜਨਤਾ ਦਾ ਧਿਆਨ ਆਪਣੇ 10 ਸਾਲਾਂ ਦੇ ਮਾੜੇ ਕੰਮਾਂ ਤੋਂ ਹਟਾਉਣ ਲਈ ਅਜਿਹੇ ਸ਼ੋਸ਼ੇ ਛੱਡ ਰਹੇ ਹਨ।
ਕੈਪਟਨ ਨੇ ਸਾਰੇ ਅਕਾਲੀ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਭਲਕੇ ਹੋਣ ਵਾਲੀ ਬਹਿਸ `ਚ ਭਾਗ ਲੈਣ ਤੇ ਇਸ ਬਹਿਸ ਤੋਂ ਭੱਜਣ ਨਾ।