ਚੰਡੀਗੜ੍ਹ, 16 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਵਿਰੁੱਧ ਕੀਤੀ ਗਈ ਟਿੱਪਣੀ ਦਾ ਮੋੜਵਾਂ ਜਵਾਬ ਦਿੱਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ’ਚ ਉਨ੍ਹਾਂ ਲਈ ਵਧ ਰਹੇ ਜਨਤਕ ਸਮਰਥਨ ਤੋਂ ਦੁਖੀ ਹੋ ਕੇ ਅਕਾਲੀ ਦਲ ਦੇ ਮੁਖੀ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਬਾਦਲ ਦੀ ਵੀਡੀਓ ਟਵੀਟ ਕਰਦਿਆਂ ਕਿਹਾ ਕਿ ਸੁਖਬੀਰ ਬਾਕੀ ਸਾਬਕਾ ਮੁੱਖ ਮੰਤਰੀਆਂ ਨੂੰ ਤਾਂ ਸਾਹਿਬ ਕਹਿ ਰਹੇ ਹਨ ਪਰ ਉਸ (ਭਗਵੰਤ ਮਾਨ) ਨੂੰ ਪਾਗਲ ਕਹਿ ਰਹੇ ਹਨ ਪਰ ਇਹ ਪਾਗਲ ਉਨ੍ਹਾਂ (ਸੁਖਬੀਰ) ਵਾਂਗ ਪੰਜਾਬ ਨੂੰ ਲੁੱਟਦਾ ਤਾਂ ਨਹੀਂ ਹੈ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਨਾਲ ਵੱਡੀ ਗਿਣਤੀ ਲੋਕ ਜੁੜ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਗਲ ਹਨ ਪਰ ਘੱਟੋ-ਘੱਟ ਉਹ ਜਨਤਕ ਖਜ਼ਾਨੇ ਨੂੰ ਨਹੀਂ ਲੁੱਟ ਰਹੇ ਜਿਵੇਂ ਪੁਰਾਣੀਆਂ ਪਾਰਟੀਆਂ ਦੇ ਆਗੂ ਲੁੱਟਦੇ ਆਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਕਾਰੇ ਹੋਏ ਆਗੂਆਂ ਨੂੰ ਲੋਕਾਂ ਵੱਲੋਂ ਲਾਂਭੇ ਕੀਤਾ ਜਾ ਚੁੱਕਾ ਹੈ ਤੇ ਅਜਿਹੇ ਆਗੂਆਂ ਨੂੰ ਕੁਝ ਵੀ ਕਹਿਣ ਦਾ ਨੈਤਿਕ ਅਧਿਕਾਰ ਨਹੀਂ ਹੈ। ਇਨ੍ਹਾਂ ਨੇ ਪੰਜਾਬ ਨੂੰ ਆਪਣੀ ਜਗੀਰ ਸਮਝ ਕੇ ਬੇਰਹਿਮੀ ਨਾਲ ਲੁੱਟਿਆ। ਇਸ ਤੋਂ ਨਾਰਾਜ਼ ਹੋ ਕੇ ਸੂਬੇ ਦੇ ਸੂਝਵਾਨ ਲੋਕਾਂ ਨੇ ਇਨ੍ਹਾਂ ਆਗੂਆਂ ਨੂੰ ਬੁਰੀ ਤਰ੍ਹਾਂ ਹਰਾ ਕੇ ‘ਆਪ’ ਦੀ ਸਰਕਾਰ ਚੁਣੀ ਹੈ।
ਸ੍ਰੀ ਮਾਨ ਨੇ ਕਿਹਾ ਕਿ ਹੁਣ ਇਨ੍ਹਾਂ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ‘ਆਪ’ ਸਰਕਾਰ ਸੂਬੇ ਤੇ ਇਸ ਦੇ ਲੋਕਾਂ ਦੀ ਸੇਵਾ ਲਈ ਮਿਹਨਤ ਕਰ ਰਹੀ ਹੈ। ਇਸ ਤੋਂ ਨਿਰਾਸ਼ ਹੋ ਕੇ ਇਹ ਆਗੂ ਅਜਿਹੇ ਬਿਆਨ ਦਾਗ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਤੇ ਇਸ ਦੇ ਲੋਕਾਂ ਨਾਲ ਨਾ ਮੁਆਫ਼ੀਯੋਗ ਗੁਨਾਹ ਕੀਤੇ ਹਨ ਅਤੇ ਸੂਬੇ ਦੇ ਲੋਕ ਇਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਿਛਲੇ ਦਿਨੀਂ ਗੁਰਦੁਆਰੇ ਵਿੱਚ ਪੁਰਾਣੇ ਮੁੱਖ ਮੰਤਰੀਆਂ ਦੇ ਕਾਰਜਕਾਲ ਗਿਣਵਾ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚਾਰ ਹੀ ਮੁੱਖ ਮੰਤਰੀ ਰਹੇ ਸਨ। ਬਾਦਲ ਸਾਹਿਬ ਨੇ 20 ਕੁ ਸਾਲ ਮੁੱਖ ਮੰਤਰੀ ਰਹੇ ਹਨ। ਬਰਨਾਲਾ ਸਾਹਿਬ ਢਾਈ ਸਾਲ ਰਹੇ, ਬੇਅੰਤ ਸਿੰਘ ਪੰਜ ਸਾਲ ਤੇ ਕੈਪਟਨ ਅਮਰਿੰਦਰ ਸਿੰਘ 10 ਸਾਲ ਮੁੱਖ ਮੰਤਰੀ ਰਹੇ ਸਨ। ਇਸ ਦੌਰਾਨ ਸ੍ਰੀ ਬਾਦਲ ਨੇ ਭਗਵੰਤ ਮਾਨ ਨੂੰ ਪਾਗਲ ਜਿਹਾ ਕਹਿ ਕੇ ਸੰਬੋਧਿਤ ਕੀਤਾ ਸੀ।