ਚੰਡੀਗੜ੍ਹ, ਪੰਜਾਬ ਕਾਂਗਰਸ ਭਵਨ ‘ਚ ‘ਪੰਜਾਬ ਸੇਵਾ ਦਲ’ ਦੇ ਜ਼ਿਲਾ ਪ੍ਰਧਾਨਾਂ ਦੀ ਮੀਟਿੰਗ ਹੋਈ, ਜਿਸ ‘ਚ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ 50 ਸਾਲ ਤੋਂ ਘੱਟ ਉਮਰ ਦੇ ਕਾਰਕੁੰਨਾਂ ਨੂੰ ‘ਸੇਵਾ ਦਲ’ ‘ਚ ਲਿਆਉਣਾ ਪਵੇਗਾ ਅਤੇ ਇਸੇ ਦੇ ਮੱਦੇਨਜ਼ਰ ਅੱਜ ਨੌਜਵਾਨਾਂ ਨੂੰ ਜਨ-ਜਨ ਤੱਕ ਕਾਂਗਰਸ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕਰਨ ਦੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ 2-3 ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮਿਲੇ ਸਨ ਤੇ ਦੁੱਖ ਦੀ ਗੱਲ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਜਾਨ ਲੈਣ ਵਾਲੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਵਾ ਰਹੇ ਹਨ। ਇਸ ਤੋਂ ਸਾਫ ਲੱਗਦਾ ਹੈ ਕਿ ਵੋਟ ਬੈਂਕ ਦੀ ਸਿਆਸਤ ਕਰ ਰਹੇ ਹਨ। ਇਹ ਗਰਮ ਖਿਆਲੀ ਲੋਕਾਂ ਦੀ ਧਮਕੀ ਤੋਂ ਡਰ ਗਏ ਹਨ, ਜੋ ਵਾਰ-ਵਾਰ ਗ੍ਰਹਿ ਮੰਤਰੀ ਕੋਲ ਮੁਆਫੀਨਾਮੇ ਦੀ ਗੁਜ਼ਾਰਿਸ਼ ਲੈ ਕੇ ਜਾ ਰਹੇ ਹਨ। ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਬਾਰੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਇਸ ਰਿਪੋਰਟ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਟੇਬਲ ‘ਤੇ ਰੱਖਿਆ ਜਾਵੇਗਾ ਤੇ ਇਸ ਤੋਂ ਬਾਅਦ ਇਨਸਾਫ ਵੀ ਦਿੱਤਾ ਜਾਵੇਗਾ।