ਸ਼ਾਹਕੋਟ, 6 ਫਰਵਰੀ,ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਰ ਸ਼ਾਮ ਪਿੰਡ ਕੋਹਾੜ ਖੁਰਦ ਪਹੁੰਚ ਕੇ ਸਾਬਕਾ ਅਕਾਲੀ ਮੰਤਰੀ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ, ਜਿਨ੍ਹਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਸੀ, ਦੇ ਪਰਿਵਾਰ ਨਾਲ ਦੁੱਖ ਵੰਡਾਇਆ।
ਸ੍ਰੀ ਬਾਦਲ ਨੇ ਜਥੇਦਾਰ ਕੋਹਾੜ ਦੀ ਮੌਤ ਨੂੰ ਪਰਿਵਾਰ, ਪਾਰਟੀ, ਇਲਾਕੇ ਅਤੇ ਸਮੁੱਚੇ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਜਥੇਦਾਰ ਕੋਹਾੜ ਪਾਰਟੀ ਦੇ ਅਣਥੱਕ, ਮਿਹਨਤੀ, ਇਮਾਨਦਾਰ, ਵਫ਼ਾਦਾਰ ਅਤੇ ਸਿਰੜੀ ਆਗੂ ਸਨ। ਇਸ ਤੋਂ ਇਲਾਵਾ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਟੀਨੂੰ, ਹਲਕਾ ਫਿਲੌਰ ਤੋਂ ਵਿਧਾਇਕ ਬਲਦੇਵ ਸਿੰਘ ਖਹਿਰਾ, ਸਾਬਕਾ ਅਕਾਲੀ ਮੰਤਰੀ ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ, ਗੁਰਮੀਤ ਸਿੰਘ ਦਾਦੂਵਾਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ ਸਮੇਤ ਇਲਾਕੇ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਜਥੇਦਾਰ ਕੋਹਾੜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।