ਸੰਗਰੂਰ, 26 ਅਕਤੂਬਰ
‘ਆਪ’ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਜ਼ਿਲ੍ਹਾ ਜੇਲ੍ਹ ਵਿਚ ਬੰਦ ਸਿੱਖ ਕਾਰਕੁਨਾਂ ਨਾਲ ਮੁਲਾਕਾਤ ਕੀਤੀ ਤੇ ਰੈਸਟ ਹਾਊਸ ਵਿਚ ਸਿੱਖ ਕਾਰਕੁਨਾਂ ਦੇ ਪਰਿਵਾਰਾਂ ਨੂੰ ਮਿਲੇ। ਇਸ ਮਗਰੋਂ ਸ੍ਰੀ ਖਹਿਰਾ ਨੇ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਨਾਲ ਵੀ ਮੁਲਾਕਾਤ ਕੀਤੀ ਅਤੇ ਸਿੱਖ ਕਾਰਕੁਨਾਂ ਖ਼ਿਲਾਫ਼ ਲਾਈ ਧਾਰਾ 307 ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਸ੍ਰੀ ਖਹਿਰਾ ਨੇ ਸਿੱਖ ਕਾਰਕੁਨਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਧਾਰਾ 307 ਬਿਲਕੁਲ ਗਲਤ ਲਗਾਈ ਗਈ ਹੈ, ਜਿਸ ਨੂੰ ਹਰ ਹਾਲਤ ਵਿਚ ਰੱਦ ਕਰਵਾਇਆ ਜਾਵੇਗਾ। ਸ੍ਰੀ ਖਹਿਰਾ ਨੇ ਦੱਸਿਆ ਕਿ ਐਸਐਸਪੀ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਪੁਲੀਸ ਜਾਂਚ ਕਰ ਰਹੀ ਹੈ ਅਤੇ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ। ਸ੍ਰੀ ਖਹਿਰਾ ਨੇ ਦੱਸਿਆ ਕਿ 31 ਅਕਤੂਬਰ ਨੂੰ ਐੱਸਐੱਸਪੀ ਦਫ਼ਤਰ ਸੰਗਰੂਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਪਾਰਟੀ ਆਗੂ ਜਸਵੰਤ ਸਿੰਘ ਗੱਜਣਮਾਜਰਾ ਅਨੁਸਾਰ 29 ਅਕਤੂਬਰ ਨੂੰ ਐੱਸਐੱਪੀ ਦਫ਼ਤਰ ਅੱਗੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਕਿ 31 ਅਕਤੂਬਰ ਨੂੰ ਵਿਸ਼ਾਲ ਰੂਪ ਧਾਰਨ ਕਰੇਗਾ। ਰੈਸਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ’ਚ ਏਕੇ ਸਬੰਧੀ ਕਿਹਾ ਕਿ ਪੰਜਾਬ ਦੇ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਨਵਾਂ ਜਥੇਬੰਦਕ ਢਾਂਚਾ ਪੰਜਾਬ ਤੋਂ ਬਣਨਾ ਚਾਹੀਦਾ ਹੈ, ਕਿਉਂਕਿ ‘ਆਪ’ ਲੀਡਰਸ਼ਿਪ ਵੱਲੋਂ ਅਪਣਾਇਆ ਦਿੱਲੀ ਦਾ ਤਜਰਬਾ ਪੰਜਾਬ ’ਚ ਫੇਲ੍ਹ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਏਕੇ ਲਈ ਹੋਈ ਪਹਿਲੀ ਮੀਟਿੰਗ ’ਚ ਬਠਿੰਡਾ ਮਤੇ ਦੀਆਂ ਸਾਰੀਆਂ ਸ਼ਰਤਾਂ ਬਾਰੇ ਵਿਚਾਰ ਹੋਈ ਹੈ। ਜੇਕਰ ਮੰਨਣਗੇ ਤਾਂ ਗੱਲ ਅੱਗੇ ਤੁਰੇਗੀ। ਵਿਰੋਧੀ ਧਿਰ ਦਾ ਆਗੂ ਜਮਹੂਰੀ ਢੰਗ ਨਾਲ 20 ਵਿਧਾਇਕਾਂ ਵੱਲੋਂ ਆਪਣੀ ਮਰਜ਼ੀ ਨਾਲ ਚੁਣਿਆ ਜਾਣਾ ਚਾਹੀਦਾ ਹੈ। ਆਗਾਮੀ ਲੋਕ ਸਭਾ ਚੋਣਾਂ ਲਈ ਸਾਰੀਆਂ 13 ਸੀਟਾਂ ਦੇ ਉਮੀਦਵਾਰਾਂ ਦਾ ਫੈਸਲਾ ਪੰਜਾਬ ਦੀ ਧਰਤੀ ਤੋਂ ਹੋਣਾ ਚਾਹੀਦਾ ਹੈ। ਸ੍ਰੀ ਖਹਿਰਾ ਨੇ ਪਾਰਟੀ ਵੱਲੋਂ ਬਣਾਈ ਕੋਰ ਕਮੇਟੀ ਨੂੰ ਇੱਕਤਰਫ਼ਾ ਕਰਾਰ ਦਿੰਦਿਆਂ ਕਿਹਾ ਕਿ ਕੋਰ ਕਮੇਟੀ ਵੀ ਅਜੇ ਨਹੀਂ ਬਣਾਉਣੀ ਚਾਹੀਦੀ ਸੀ।
ਸ੍ਰੀ ਖਹਿਰਾ ਨੇ ਸੁਖਬੀਰ ਬਾਦਲ ਦਾ ਵਿਰੋਧ ਕਰਨ ਵਾਲੇ ਸਿੱਖ ਕਾਰਕੁਨਾਂ ਖ਼ਿਲਾਫ਼ ਧਾਰਾ 307 ਲਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਸਿੱਖ ਕਾਰਕੁਨਾਂ ਨੂੰ ਫੜ ਕੇ ਜੇਲ੍ਹ ਡੱਕ ਦਿੱਤਾ ਪਰ ਬਰਗਾੜੀ ਮਾਮਲੇ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਹੋਏ ਨੂੰ ਤਿੰਨ ਸਾਲ ਬੀਤ ਗਏ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ। ਉਨ੍ਹਾਂ ਕਿਹਾ ਕਿ ਕੈਪਟਨ ਤੇ ਸੁਖਬੀਰ ਨੂੰ ਸਿਰਫ਼ ਇੱਕ ਦੂਜੇ ਦੀ ਹੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੋਵੇਂ ਟੱਬਰਾਂ ਤੋਂ ਛੁਟਕਾਰਾ ਪਾਉਣ ਲਈ ਤੀਜਾ ਬਦਲ ਚਾਹੁੰਦੇ ਹਨ। ਬਰਗਾੜੀ ਮੋਰਚੇ ਦੀ ਹਮਾਇਤ ਕਰਨ ਬਾਰੇ ਸ੍ਰੀ ਖਹਿਰਾ ਨੇ ਕਿਹਾ ਕਿ ਗੁਰੂ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਮਲਿਆਂ ਵਿਚ ਮੋਰਚੇ ਦੀ ਹਮਾਇਤ ਕਰਨ ਦਾ ਮੰਤਵ ਸਿਰਫ ਇਨਸਾਫ਼ ਲੈਣਾ ਹੈ। ਮੋਰਚੇ ਦੀ ਹਮਾਇਤ ਵਿਚ ਸਾਰੇ ਖੜ੍ਹੇ ਹਾਂ ਅਤੇ ਸੰਚਾਲਕਾਂ ਨਾਲ ਗੱਲ ਕਰਕੇ ਅਗਲਾ ਐਕਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਪਿਰਮਲ ਸਿੰਘ ਵਿਧਾਇਕ ਭਦੌੜ, ਲੋਕ ਇਨਸਾਫ਼ ਪਾਰਟੀ ਦੇ ਆਗੂ ਜਸਵੰਤ ਸਿੰਘ ਗੱਜਣਮਾਜਰਾ, ਐਡਵੋਕੇਟ ਹਰਦੀਪ ਸਿੰਘ ਭਰੂਰ, ਹਰਪ੍ਰੀਤ ਸਿੰਘ ਬਾਜਵਾ ਆਦਿ ਮੌਜੂਦ ਸਨ।
ਅਸੀਂ ਏਕੇ ਲਈ ਅੱਗੇ ਆਏ ਤੇ ਉਹ ਪਿੱਛੇ ਹਟ ਗਏ: ਭਗਵੰਤ ਮਾਨ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਪਾਰਟੀ ਦੇ ਏਕੇ ਲਈ ਅੱਗੇ ਸਨ ਪਰ ਸੁਖਪਾਲ ਸਿੰਘ ਖਹਿਰਾ ਸਾਂਝੀ ਮੀਟਿੰਗ ਦੌਰਾਨ ਹੋਏ ਵਾਅਦਿਆਂ ਤੋਂ ਪਿਛਾਂਹ ਹੱਟ ਗਏ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਨੇ ਮੀਡੀਆ ਵਿੱਚ ਜਾ ਕੇ ਉਹ ਸਾਰੀਆਂ ਗੱਲਾਂ ਜੱਗ ਜ਼ਾਹਿਰ ਕਰ ਦਿੱਤੀਆਂ ਹਨ, ਜੋ ਨਸ਼ਰ ਨਾ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਗੱਲ ਵੀ ਸਾਫ਼ ਹੋ ਗਈ ਹੈ ਕਿ ਸ੍ਰੀ ਖਹਿਰਾ ਏਕਾ ਨਹੀਂ ਚਾਹੁੰਦੇ ਸਗੋਂ ਉਨ੍ਹਾਂ ਦੀ ਕਿਤੇ ਨਾ ਕਿਤੇ ਹੋਰ ਗੱਲ ਨਿੱਬੜ ਚੁੱਕੀ ਹੈ।