ਚੰਡੀਗੜ੍ਹ, 15 ਨਵੰਬਰ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਈਡੀ ਰਿਮਾਂਡ ਦੌਰਾਨ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਕੀਤਾ। ਮਹਿਤਾਬ ਅਨੁਸਾਰ ਉਸ ਦੇ ਪਿਤਾ ਨੂੰ ਈਡੀ ਰਿਮਾਂਡ ਦੌਰਾਨ ਦਿਨ ਭਰ ਪੁੱਛਗਿੱਛ ਤੋਂ ਬਾਅਦ ਚੰਡੀਗੜ੍ਹ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਸੈਕਟਰ 19 ਦੇ ਥਾਣੇ ’ਚ ਰੱਖਿਆ ਗਿਆ ਹੈ। ਮਹਿਤਾਬ ਖਹਿਰਾ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲੀਸ ਸੁਖਪਾਲ ਖਹਿਰਾ ਨਾਲ ਅਣਮਨੁੱਖੀ ਸਲੂਕ ਕਰ ਰਹੀ ਹੈ। ਉਸ ਦੇ ਪਿਤਾ ਨੂੰ ਕੜਾ ਉਤਾਰਨ ਲਈ ਕਿਹਾ ਜਾ ਰਿਹਾ ਹੈ ਜੋ ਕਿ ਸਿੱਖੀ ’ਤੇ ਹਮਲਾ ਹੈ।