ਮਲੌਦ/ਪਟਿਆਲਾ/ਨਾਭਾ : ਮਲੌਦ ਬਲਾਕ ਦੇ ਪਿੰਡ ਸੀਹਾਂ ਦੌਦ ਤੋਂ 12 ਮਾਰਚ ਦੀ ਸ਼ਾਮ ਨੂੰ ਅੱਠ ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੂੰ ਪਟਿਆਲਾ ਪੁਲੀਸ ਨੇ ਇੱਥੇ ਮੁਕਾਬਲੇ ਦੌਰਾਨ ਮਾਰ ਮੁਕਾਇਆ। ਪੁਲੀਸ ਨੇ ਬੱਚੇ ਨੂੰ ਮੰਡੌਰ ਪਿੰਡ (ਪਟਿਆਲਾ) ਲਾਗਿਓਂ ਸਹੀ ਸਲਾਮਤ ਬਰਾਮਦ ਕਰ ਲਿਆ। ਇਸ ਮਗਰੋਂ ਦੇਰ ਸ਼ਾਮ ਪਿੰਡ ਸੀਹਾਂ ਦੌਦ ਪਹੁੰਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ: ਜਸਵੰਤ ਸਿੰਘ ਗੱਜਣ ਮਾਜਰਾ ਸਣੇ ਕੁਝ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਬੱਚੇ ਭਵਕੀਰਤ ਸਿੰਘ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਕੇਸ ਨੂੰ ਮੋਨੀਟਰ ਕਰ ਰਹੇ ਸਨ।
ਮਾਰੇ ਗਏ ਅਗਵਾਕਾਰ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਉਂਝ ਮੁਕਾਬਲੇ ਦੌਰਾਨ ਤਿੰਨ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਪੁਲੀਸ ਮੁਕਾਬਲਾ ਨਾਭਾ ਨੇੜਲੇ ਪਿੰਡ ਅਜਨੌਦਾ ਨਜ਼ਦੀਕ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨਾਲ ਹੋਇਆ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਵਿਚ ਰੁਪਿੰਦਰ ਸਿੰਘ, ਸ਼ਿਵਜੀ ਗਿਰ ਅਤੇ ਬਲਜਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ ਰੁਪਿੰਦਰ ਸਿੰਘ ਦੇ ਲੱਤ ਵਿੱਚ ਜਦ ਕਿ ਬਲਜਿੰਦਰ ਸਿੰਘ ਦੇ ਕੰਨ ’ਤੇ ਗੋਲੀ ਲੱਗੀ ਜਦਕਿ ਸ਼ਿਵਜੀ ਗਿਰ ਦੇ ਵੀ ਸੱਟ ਵੱਜੀ ਹੈ।